ਯੂਕਰੇਨ ਨੇ ਬੁੱਧਵਾਰ ਨੂੰ ਰੂਸ ਦੀ ਰਾਜਧਾਨੀ ਮਾਸਕੋ ‘ਤੇ ਡਰੋਨ ਹਮਲਾ ਕੀਤਾ। ਇਸ ਦੌਰਾਨ ਯੂਕਰੇਨ ਦੇ ਹਮਲਾਵਰ ਡਰੋਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਫਤਰ ਅਤੇ ਰਿਹਾਇਸ਼ ਕ੍ਰੇਮਲਿਨ ਦੇ ਨੇੜੇ 38 ਕਿਲੋਮੀਟਰ ਤੱਕ ਪਹੁੰਚ ਗਏ। ਰੂਸੀ ਰੱਖਿਆ ਮੰਤਰਾਲੇ ਨੇ ਅਸਮਾਨ ਵਿੱਚ 11 ਡਰੋਨਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਫਰਵਰੀ 2022 ਤੋਂ ਚੱਲ ਰਹੀ ਜੰਗ ‘ਚ ਮਾਸਕੋ ‘ਤੇ ਇਹ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਰੂਸ ਨੇ ਇਸ ਡਰੋਨ ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ।
ਕੁਲ 45 ਡਰੋਨ ਕੀਤੇ ਗਏ ਤਬਾਹ
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਬੁੱਧਵਾਰ ਨੂੰ ਕੁੱਲ 45 ਯੂਕਰੇਨੀ ਡਰੋਨ ਤਬਾਹ ਕਰ ਦਿੱਤੇ ਗਏ। ਇਹਨਾਂ ਵਿੱਚੋਂ, 11 ਮਾਸਕੋ ਦੇ ਉੱਪਰ ਅਸਮਾਨ ਵਿੱਚ ਅਤੇ 23 ਸਰਹੱਦੀ ਬ੍ਰਾਇੰਸਕ ਖੇਤਰ ਵਿੱਚ ਤਬਾਹ ਹੋ ਗਏ ਸਨ। ਜਦੋਂ ਕਿ ਛੇ ਡਰੋਨ ਬੇਲਗੋਰੋਡ ਵਿੱਚ, ਤਿੰਨ ਕਲੁਗਾ ਵਿੱਚ ਅਤੇ ਦੋ ਕੁਰਸਕ ਖੇਤਰ ਵਿੱਚ ਨਸ਼ਟ ਕੀਤੇ ਗਏ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਪੋਡੋਲਸਕ ਉਪਨਗਰ ‘ਤੇ ਕੁਝ ਡਰੋਨ ਤਬਾਹ ਹੋ ਗਏ ਹਨ। ਇਹ ਉਪਨਗਰ ਰੂਸੀ ਰਾਸ਼ਟਰਪਤੀ ਦੇ ਦਫਤਰ ਅਤੇ ਰਿਹਾਇਸ਼ ਤੋਂ ਸਿਰਫ 38 ਕਿਲੋਮੀਟਰ ਦੂਰ ਹੈ।
ਮਾਸਕੋ ‘ਤੇ ਸਭ ਤੋਂ ਵੱਡਾ ਡਰੋਨ ਹਮਲਾ
ਮੇਅਰ ਨੇ ਕਿਹਾ, ਮਾਸਕੋ ‘ਤੇ ਇਹ ਸਭ ਤੋਂ ਵੱਡਾ ਡਰੋਨ ਹਮਲਾ ਸੀ ਪਰ ਸਾਡੀ ਸੁਰੱਖਿਆ ਪ੍ਰਣਾਲੀ ਨੇ ਇਸ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ ਮਾਸਕੋ ਦੇ ਤਿੰਨੋਂ ਹਵਾਈ ਅੱਡਿਆਂ ਤੋਂ ਚਾਰ ਘੰਟੇ ਤੱਕ ਜਹਾਜ਼ਾਂ ਦੀ ਆਵਾਜਾਈ ਸੀਮਤ ਰਹੀ। ਉਥੇ ਹੀ ਯੂਕਰੇਨ ਨੇ ਤਾਜ਼ਾ ਹਮਲੇ ‘ਚ ਰੂਸ ਦੇ ਰੋਸਤੋਵ ਇਲਾਕੇ ‘ਚ ਐੱਸ-300 ਏਅਰ ਡਿਫੈਂਸ ਸਿਸਟਮ ਨੂੰ ਨਸ਼ਟ ਕਰਨ ਦਾ ਦਾਅਵਾ ਕੀਤਾ ਹੈ। 6 ਅਗਸਤ ਨੂੰ ਯੂਕਰੇਨ ਨੇ ਰੂਸ ਦੇ ਸਰਹੱਦੀ ਖੇਤਰ ਕੁਰਸਕ ਦੇ ਅੰਦਰ 35 ਕਿਲੋਮੀਟਰ ਅੰਦਰ ਆਪਣੇ ਹਜ਼ਾਰਾਂ ਸੈਨਿਕਾਂ ਨੂੰ ਭੇਜ ਕੇ ਅਚਾਨਕ ਜੰਗ ਤੇਜ਼ ਕਰ ਦਿੱਤੀ। ਯੂਕਰੇਨ ਨੇ ਉੱਥੇ ਰੂਸ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਤਿੰਨ ਪੁਲਾਂ ਨੂੰ ਉਡਾਉਣ ਦਾ ਦਾਅਵਾ ਕੀਤਾ ਹੈ। ਕੁਰਸਕ ਵਿਚ ਯੂਕਰੇਨੀ ਫੌਜ ਦਾ ਹਮਲਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ‘ਤੇ ਪਹਿਲਾ ਅਤੇ ਸਭ ਤੋਂ ਵੱਡਾ ਹਮਲਾ ਹੈ।
ਰੂਸ ਨੇ ਯੂਕਰੇਨ ਤੇ ਹਮਲੇ ਕੀਤੇ ਤੇਜ਼
ਕੁਰਸਕ ਵਿੱਚ ਜਵਾਬੀ ਕਾਰਵਾਈ ਦੇ ਨਾਲ-ਨਾਲ ਰੂਸ ਨੇ ਪੂਰਬੀ ਯੂਕਰੇਨ ਵਿੱਚ ਹਰ ਤਰ੍ਹਾਂ ਦੇ ਹਮਲੇ ਵੀ ਤੇਜ਼ ਕਰ ਦਿੱਤੇ ਹਨ। ਇਸ ਲੜਾਈ ਵਿਚ ਡਰੋਨ, ਤੋਪਾਂ ਅਤੇ ਟੈਂਕਾਂ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਰੂਸੀ ਰਿਫਾਇਨਰੀ, ਹਵਾਈ ਪੱਟੀ ਅਤੇ ਹੋਰ ਮਹੱਤਵਪੂਰਨ ਥਾਵਾਂ ਨੂੰ ਡਰੋਨਾਂ ਨਾਲ ਹਮਲਾ ਕਰਕੇ ਨੁਕਸਾਨ ਪਹੁੰਚਾ ਰਿਹਾ ਹੈ।