Punjab News: ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਰਹਿੰਦੇ ਇੱਕ ਐਨਆਰਆਈ ਦੇ ਘਰ ਦੇਰ ਰਾਤ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਚਲਾਉਣ ਤੋਂ ਬਾਅਦ ਮੁਲਜ਼ਮ ਕਾਰ ਲੈ ਕੇ ਫ਼ਰਾਰ ਹੋ ਗਏ। ਸੂਚਨਾ ਤੋਂ ਬਾਅਦ ਸੀਨੀਅਰ ਪੁਲਿਸ ਅਧਿਕਾਰੀ ਅਤੇ ਸਰਾਭਾ ਨਗਰ ਥਾਣਾ ਪੁਲਿਸ ਉਥੇ ਪਹੁੰਚ ਗਈ। ਪੁਲਿਸ ਨੇ ਘਰ ਦੇ ਅੰਦਰੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਬੁੱਧਵਾਰ ਦੇਰ ਰਾਤ ਕਰੀਬ 1.30 ਵਜੇ ਵਾਪਰੀ। ਜਾਣਕਾਰੀ ਅਨੁਸਾਰ ਰਾਜਦੀਪ ਸਿੰਘ ਚਾਹਲ ਬੀਆਰਐਸ ਨਗਰ ਵਿੱਚ ਰਹਿੰਦਾ ਹੈ। ਜੋ ਐਨਆਰਆਈ ਹੈ। ਉਹ ਕਰੀਬ 15-20 ਦਿਨ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਘਰ ਆਇਆ ਸੀ। ਦੇਰ ਰਾਤ ਉਹ ਆਪਣੇ ਪਰਿਵਾਰ ਨਾਲ ਘਰ ‘ਚ ਸੌਂ ਰਿਹਾ ਸੀ। ਇਸੇ ਦੌਰਾਨ ਇੱਕ ਚਿੱਟੇ ਰੰਗ ਦੀ ਕਾਰ ਆਈ। ਕਾਰ ਪਹਿਲਾਂ ਗਲੀ ਵਿੱਚ ਜਾ ਵੜੀ, ਫਿਰ ਬੈਕ ਕਰਕੇ ਨੌਜਵਾਨ ਕਾਰ ਨੂੰ ਐਨਆਰਆਈ ਦੀ ਕੋਠੀ ਦੇ ਸਾਹਮਣੇ ਲੈ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਤੇਜ਼ੀ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਅੱਧੀ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ ਘਰ ਅੰਦਰੋਂ ਖਿੜਕੀਆਂ ਦੇ ਸ਼ੀਸ਼ੇ ਅਤੇ ਹੋਰ ਸਾਮਾਨ ਵੀ ਟੁੱਟ ਗਿਆ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।