Punjab News: ਪੰਜਾਬ ਦੇ ਲੁਧਿਆਣਾ ‘ਚ ਸ਼ੁੱਕਰਵਾਰ ਸਵੇਰੇ 8.30 ਵਜੇ ਘਰ ਤੋਂ ਫੈਕਟਰੀ ਜਾਣ ਵਾਲਾ ਹੌਜ਼ਰੀ ਕਾਰੋਬਾਰੀ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਵੀ ਵਪਾਰੀ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਜ ਤੱਕ ਪੁਲਿਸ ਨੂੰ ਕੁਝ ਨਹੀਂ ਮਿਲਿਆ। ਲਾਪਤਾ ਕਾਰੋਬਾਰੀ ਦਾ ਨਾਂ ਸਾਜਨ ਮਲਹੋਤਰਾ ਹੈ।
ਫੈਕਟਰੀ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ
ਜਾਣਕਾਰੀ ਦਿੰਦਿਆਂ ਸਾਜਨ ਦੇ ਰਿਸ਼ਤੇਦਾਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਜਨ ਇਹ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਰਾਤ ਨੂੰ ਫੈਕਟਰੀ ‘ਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਛੁੱਟੀ ਕਰਵਾਉਣ ਜਾ ਰਿਹਾ ਹੈ। ਪਰ ਜਦੋਂ ਉਹ 12 ਵਜੇ ਤੱਕ ਘਰ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੇ ਮੋਬਾਈਲ ’ਤੇ ਸੰਪਰਕ ਕੀਤਾ ਪਰ ਸਾਜਨ ਦਾ ਮੋਬਾਈਲ ਫੋਨ ਬੰਦ ਸੀ। ਦੇਰ ਰਾਤ ਤੱਕ ਪਰਿਵਾਰਕ ਮੈਂਬਰਾਂ ਨੇ ਸਾਰੇ ਰਿਸ਼ਤੇਦਾਰਾਂ ਦੇ ਘਰ ਤਲਾਸ਼ੀ ਕੀਤੀ ਪਰ ਸਾਜਨ ਕਿਤੇ ਨਹੀਂ ਮਿਲਿਆ।
ਸੀਸੀਟੀਵੀ ‘ਚ ਕਾਰੋਬਾਰੀ ਨੂੰ ਜਾਂਦੇ ਹੋਏ ਦੇਖਿਆ ਗਿਆ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸਾਜਨ ਦੀ ਫੈਕਟਰੀ ਗਣੇਸ਼ ਨਗਰ ਵਿੱਚ ਹੈ। ਉਸ ਨੂੰ ਟਰਾਂਸਪੋਰਟ ਨਗਰ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਗਿਆ। ਪਰਿਵਾਰ ਮੁਤਾਬਕ ਉਨ੍ਹਾਂ ਦਾ ਲੜਕਾ ਔਰਤਾਂ ਦੇ ਸਵੈਟਰ ਬਣਾਉਣ ਦਾ ਕੰਮ ਕਰਦਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਫਿਲਹਾਲ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਹੈ।