ਡਾਕਟਰ ਕਤਲ ਕਾਂਡ: ਸੂਬੇ ਦੀ ਵਿਰੋਧੀ ਧਿਰ ਭਾਜਪਾ ਨੇ ਮੰਗਲਵਾਰ ਨੂੰ ਸੂਬਾ ਸਕੱਤਰੇਤ ਨਵਾਨ ਤੱਕ ਵਿਦਿਆਰਥੀ ਸਮਾਜ ਦੇ ਮਾਰਚ ‘ਚ ਹਿੱਸਾ ਲੈਣ ਵਾਲਿਆਂ ‘ਤੇ ਪੁਲਿਸ ਕਾਰਵਾਈ ਦੇ ਵਿਰੋਧ ‘ਚ ਬੁੱਧਵਾਰ ਨੂੰ ਬੰਗਾਲ ‘ਚ 12 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਪ੍ਰਦੇਸ਼ ਭਾਜਪਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ।
ਤ੍ਰਿਣਮੂਲ ਨੇ ਭਾਜਪਾ ਦੀ ਸਾਜ਼ਿਸ਼ ਦੱਸੀ
ਇਸ ਦੌਰਾਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਹੜਤਾਲ ਦੇ ਸੱਦੇ ਨੇ ਮਹਿਲਾ ਡਾਕਟਰ ਦੇ ਕਥਿਤ ਬਲਾਤਕਾਰ ਅਤੇ ਕਤਲ ਨੂੰ ਲੈ ਕੇ ਲੋਕਾਂ ਦੇ ਦਰਦ ਦਾ ਫਾਇਦਾ ਉਠਾ ਕੇ ਸੂਬੇ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਭਾਜਪਾ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ। ਬੰਗਾਲ ਸਰਕਾਰ ਨੇ ਰਾਜ ਦੇ ਲੋਕਾਂ ਨੂੰ ਬੰਦ ਵਿੱਚ ਸ਼ਾਮਲ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਸਵੇਰੇ 6 ਵਜੇ ਤੋਂ ਸ਼ੁਰੂ ਹੋਣ ਵਾਲੇ ਬੰਦ ਕਾਰਨ ਆਮ ਜਨਜੀਵਨ ਪ੍ਰਭਾਵਿਤ ਨਾ ਹੋਵੇ।
ਕਿਸੇ ਵੀ ਤਰ੍ਹਾਂ ਦੇ ਬੰਦ ਦੀ ਇਜਾਜ਼ਤ ਨਹੀਂ
ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਅਲਪਨ ਬੰਦੋਪਾਧਿਆਏ ਨੇ ਕਿਹਾ ਕਿ ਰਾਜ ਸਰਕਾਰ ਬੁੱਧਵਾਰ ਨੂੰ ਕਿਸੇ ਵੀ ਬੰਦ ਦੀ ਇਜਾਜ਼ਤ ਨਹੀਂ ਦੇਵੇਗੀ। ਪੁਲਿਸ ਨੇ ਨਵਾਨ ਵੱਲ ਵਧ ਰਹੀ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ, ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਜਲ ਤੋਪਾਂ ਦੀ ਵਰਤੋਂ ਕੀਤੀ। ਪ੍ਰਦਰਸ਼ਨਕਾਰੀ ਇਸ ਮਹੀਨੇ ਦੇ ਸ਼ੁਰੂ ਵਿੱਚ ਆਰਜੀ ਕਾਰ ਹਸਪਤਾਲ ਵਿੱਚ ਇੱਕ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਹੱਤਿਆ ਦੇ ਮੱਦੇਨਜ਼ਰ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਸੁਕਾਂਤ ਨੇ ਕਿਹਾ ਕਿ ਅਸੀਂ ਸਵੇਰ ਤੋਂ ਸ਼ਾਮ ਤੱਕ ਆਮ ਹੜਤਾਲ ਦਾ ਸੱਦਾ ਦੇਣ ਲਈ ਮਜ਼ਬੂਰ ਹਾਂ, ਕਿਉਂਕਿ ਇਹ ਤਾਨਾਸ਼ਾਹੀ ਸ਼ਾਸਨ ਮ੍ਰਿਤਕ ਡਾਕਟਰ ਭੈਣ ਲਈ ਇਨਸਾਫ਼ ਦੀ ਮੰਗ ਕਰ ਰਹੇ ਲੋਕਾਂ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਇਨਸਾਫ਼ ਦੀ ਬਜਾਏ ਮਮਤਾ ਬੈਨਰਜੀ ਦੀ ਪੁਲਿਸ ਸੂਬੇ ਦੇ ਅਮਨ ਪਸੰਦ ਲੋਕਾਂ ਨਾਲ ਬੇਰਹਿਮੀ ਨਾਲ ਪੇਸ਼ ਆ ਰਹੀ ਹੈ, ਜੋ ਸਿਰਫ਼ ਔਰਤਾਂ ਲਈ ਸੁਰੱਖਿਅਤ ਮਾਹੌਲ ਚਾਹੁੰਦੇ ਹਨ।
ਪ੍ਰਦਰਸ਼ਨ ਲਈ ਪੁਲਿਸ ਤੋਂ ਇਜਾਜ਼ਤ ਮੰਗੀ ਗਈ ਸੀ
ਆਰਜੀ ਕਾਰ ਹਸਪਤਾਲ ਕਾਂਡ ਵਿਰੁੱਧ ਭਾਜਪਾ ਦੇ ਹੋਰ ਅੰਦੋਲਨ ਪ੍ਰੋਗਰਾਮਾਂ ਬਾਰੇ ਸੁਕਾਂਤ ਨੇ ਕਿਹਾ ਕਿ ਪਹਿਲਾਂ ਐਲਾਨ ਕੀਤੇ 28 ਅਗਸਤ ਦੀ ਬਜਾਏ ਉਨ੍ਹਾਂ ਦੀ ਪਾਰਟੀ 29 ਅਗਸਤ ਨੂੰ ਕੋਲਕਾਤਾ ਦੇ ਧਰਮਤੱਲਾ ਵਿਖੇ ਧਰਨਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਇਸ ਧਰਨੇ ਲਈ ਪੁਲਿਸ ਤੋਂ ਇਜਾਜ਼ਤ ਮੰਗੀ ਗਈ ਸੀ ਪਰ ਪੁਲਿਸ ਨੇ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਹਾਈ ਕੋਰਟ ਬੁੱਧਵਾਰ ਸਵੇਰੇ ਇਸ ‘ਤੇ ਸੁਣਵਾਈ ਕਰ ਰਿਹਾ ਹੈ। ਸਾਨੂੰ ਪੂਰੀ ਉਮੀਦ ਹੈ ਕਿ ਹਾਈਕੋਰਟ ਤੋਂ ਇਜਾਜ਼ਤ ਮਿਲਣ ਤੋਂ ਬਾਅਦ 29 ਅਗਸਤ ਤੋਂ ਧਰਨਾ ਸ਼ੁਰੂ ਹੋ ਜਾਵੇਗਾ।