Punjab News: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੀ ਜੇਲ੍ਹ ਇੰਟਰਵਿਊ ਵਿੱਚ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਦਾ ਪਹਿਲਾ ਇੰਟਰਵਿਊ ਪੰਜਾਬ ਦੇ ਖਰੜ ਵਿੱਚ ਪੁਲਿਸ ਹਿਰਾਸਤ ਵਿੱਚ ਹੋਇਆ ਸੀ। ਜਦੋਂਕਿ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਰਿਪੋਰਟ ਤੋਂ ਇਹ ਖੁਲਾਸਾ ਹੋਇਆ ਹੈ। ਐਸਆਈਟੀ ਨੇ ਇਹ ਸੀਲਬੰਦ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਸੀ। ਜਿਸ ਨੂੰ ਬੁੱਧਵਾਰ ਨੂੰ ਜਨਤਕ ਕੀਤਾ ਗਿਆ। ਰਿਪੋਰਟ ਦੇ ਹੋਰ ਤੱਥਾਂ ਦੀ ਉਡੀਕ ਹੈ।
ਪੰਜਾਬ ਦੇ ਡੀਜੀਪੀ ਨੇ ਪੰਜਾਬ ਵਿੱਚ ਇੰਟਰਵਿਊ ਹੋਣ ਦੇ ਦਾਅਵੇ ਕੀਤੇ ਸਨ ਖਾਰਜ
ਗੈਂਗਸਟਰ ਲਾਰੈਂਸ ਦੇ ਇੰਟਰਵਿਊ ਸਾਲ 2023 ਵਿੱਚ 14 ਅਤੇ 17 ਮਾਰਚ ਨੂੰ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ‘ਤੇ ਸਵਾਲ ਖੜ੍ਹੇ ਹੋ ਗਏ। ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਬੁਲਾਈ। ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਬਠਿੰਡਾ ਜਾਂ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਲਈ ਗਈ। ਡੀਜੀਪੀ ਨੇ ਲਾਰੈਂਸ ਦੀਆਂ ਦੋ ਤਸਵੀਰਾਂ ਦਿਖਾਈਆਂ ਸਨ ਅਤੇ ਕਿਹਾ ਸੀ – ਜਦੋਂ ਲਾਰੈਂਸ ਨੂੰ ਬਠਿੰਡਾ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਸ ਦੇ ਵਾਲ ਕੱਟੇ ਹੋਏ ਸਨ ਅਤੇ ਉਸ ਦੀ ਕੋਈ ਦਾੜ੍ਹੀ ਜਾਂ ਮੁੱਛ ਨਹੀਂ ਸੀ।
14 ਮਾਰਚ ਨੂੰ ਆਇਆ ਸੀ ਪਹਿਲਾ ਇੰਟਰਵਿਊ, ਲਈ ਸੀ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ
ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗ ਵਾਰ ਵਿੱਚ ਫਸ ਰਿਹਾ ਹੈ। ਮੂਸੇਵਾਲਾ ਦਾ ਉਸਦੇ ਕਾਲਜ ਦੇ ਦੋਸਤ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਹੱਥ ਸੀ। ਇਸੇ ਲਈ ਉਸ ਦਾ ਕਤਲ ਕਰ ਦਿੱਤਾ। ਐਸਆਈਟੀ ਦੀ ਰਿਪੋਰਟ ਅਨੁਸਾਰ ਇਹ ਉਹੀ ਇੰਟਰਵਿਊ ਹੈ ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚੋਂ ਦਿੱਤੀ ਸੀ।
ਦੂਜੀ ਇੰਟਰਵਿਊ ਵਿੱਚ ਬੈਰਕ ਤੋਂ ਕਾਲ ਕਰਨ ਦਾ ਦਿੱਤਾ ਸਬੂਤ
ਆਪਣੇ ਦੂਜੇ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਕਰਨ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਵੀ ਦਿਖਾਉਂਦੇ ਹੋਏ ਦੱਸਿਆ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਮੋਬਾਈਲ ਫੋਨ ਵੀ ਉਸ ਕੋਲ ਆ ਜਾਂਦਾ ਹੈ ਅਤੇ ਉਸ ਵਿਚ ਸਿਗਨਲ ਵੀ ਹੈ। ਲਾਰੈਂਸ ਨੇ ਆਪਣੇ ਇੰਟਰਵਿਊ ‘ਚ ਕਿਹਾ ਕਿ ਜੇਲ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਫੋਨ ਕਰ ਰਿਹਾ ਹੈ। ਲਾਰੈਂਸ ਨੇ ਅੰਦਰੋਂ ਮੋਬਾਈਲ ਆਉਣ ਦੀ ਜਾਣਕਾਰੀ ਵੀ ਦਿੱਤੀ ਸੀ। ਲਾਰੈਂਸ ਮੁਤਾਬਕ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।
ਇਸ ਸਮੇਂ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ ਲਾਰੈਂਸ
ਗੈਂਗਸਟਰ ਲਾਰੈਂਸ ਇਸ ਸਮੇਂ ਡਰੱਗ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਗੁਜਰਾਤ ਦੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਸਾਬਰਮਤੀ, ਅਹਿਮਦਾਬਾਦ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਹਾਲ ਹੀ ‘ਚ ਇਕ ਪਾਕਿਸਤਾਨੀ ਡੌਨ ਨਾਲ ਈਦ ਦੀ ਵਧਾਈ ਲਈ ਉਸ ਦੀ ਵੀਡੀਓ ਕਾਲ ਦੀ ਰਿਕਾਰਡਿੰਗ ਵੀ ਵਾਇਰਲ ਹੋਈ ਸੀ।