ਪੰਜਾਬ ਨਿਊਜ਼। ਸੁਖਬੀਰ ਬਾਦਲ ਨੂੰ ਤਨਖਾਹੀਆਂ ਐਲਾਨੇ ਨੂੰ 2 ਮਹੀਨੇ ਹੋ ਗਏ ਹਨ ਪਰ ਉਨ੍ਹਾਂ ਨੂੰ ਕੋਈ ਸਜਾ ਨਹੀਂ ਦਿੱਤੀ ਗਈ। ਉੱਥੇ ਹੀ ਉਨ੍ਹਾਂ ਨੇ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤੀ ਸੀ। ਸੁਖਬੀਰ ਦੇ ਪ੍ਰਧਾਨਗੀ ਤੋਂ ਅਸਤੀਫੇ ਤੋਂ ਬਾਅਦ ਹੁਣ ਪੰਜ ਤਖ਼ਤਾਂ ਦੇ ਜਥੇਦਾਰਾਂ ਲਈ ਉਨ੍ਹਾਂ ਨੂੰ ਧਾਰਮਿਕ ਸਜ਼ਾ ਦੇਣਾ ਆਸਾਨ ਹੋ ਗਿਆ ਹੈ। ਸੁਖਬੀਰ ਹੁਣ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਅਧਿਕਾਰੀਆਂ ‘ਤੇ ਦਬਾਅ ਨਹੀਂ ਪਾ ਸਕਣਗੇ। ਬਾਗੀ ਅਕਾਲੀ ਸਿੰਘ ਸਾਹਿਬਾਨ ਨੂੰ ਅਪੀਲ ਕਰ ਰਹੇ ਸਨ ਕਿ ਸੁਖਬੀਰ ਨੂੰ ਸਿਆਸੀ ਤੌਰ ‘ਤੇ ਵੀ ਸਜ਼ਾ ਦਿੱਤੀ ਜਾਵੇ। ਸੰਭਾਵਨਾ ਹੈ ਕਿ ਦਸੰਬਰ ਦੇ ਕਿਸੇ ਦਿਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਧਾਰਮਿਕ ਸਜ਼ਾ ਦਿੱਤੀ ਜਾ ਸਕਦੀ ਹੈ। ਹੁਣ ਸੁਖਬੀਰ ਨੂੰ ਸਿਆਸੀ ਸਜ਼ਾ ਦੀ ਬਜਾਏ ਗੁਰੂਦੁਆਰੇ ‘ਚ ਭਾਂਡੇ ਸਾਫ਼ ਕਰਨ, ਪਾਠ ਕਰਨ ਅਤੇ ਸੁਣਨ, ਸੰਗਤਾਂ ਦੀ ਸੇਵਾ ਕਰਨ, ਗੁਰਦੁਆਰੇ ‘ਚ ਸਫ਼ਾਈ ਸੇਵਾ ਕਰਨ, ਰਾਗੀਆਂ-ਢਾਡੀਆਂ ਲਈ ਲੰਗਰ ਤਿਆਰ ਕਰਨ ਵਰਗੀਆਂ ਧਾਰਮਿਕ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ।
30 ਅਗਸਤ ਨੂੰ ਤਨਖਾਹੀਆ ਕੀਤਾ ਗਿਆ ਸੀ ਐਲਾਨ
ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ। ਉਨ੍ਹਾਂ ਜਥੇਦਾਰ ਰਘਬੀਰ ਸਿੰਘ ਨੂੰ ਸੇਵਾਮੁਕਤ ਕਰਾਰ ਦਿੰਦਿਆਂ ਇਹ ਹੁਕਮ ਵੀ ਦਿੱਤਾ ਸੀ ਕਿ ਜਦੋਂ ਤੱਕ ਸੁਖਬੀਰ ਤਖ਼ਤ ਸਿੰਘ ਸਾਹਿਬਾਨ ਅੱਗੇ ਪੇਸ਼ ਹੋ ਕੇ ਲਿਖਤੀ ਮੁਆਫ਼ੀ ਨਹੀਂ ਮੰਗਦੇ, ਉਦੋਂ ਤੱਕ ਉਹ ਤਨਖਾਹੀਆ ਰਹਿਣਗੇ। ਇਸ ਦੌਰਾਨ ਉਹ ਸਿਆਸੀ, ਸਮਾਜਿਕ, ਧਾਰਮਿਕ ਅਤੇ ਹੋਰ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸਿੰਘ ਸਾਹਿਬਾਨ ਨੇ ਸਪੱਸ਼ਟ ਕੀਤਾ ਸੀ ਕਿ ਸੁਖਬੀਰ ਨੂੰ ਛੱਡ ਕੇ ਕੋਈ ਵੀ ਅਕਾਲੀ ਆਗੂ ਵਿਧਾਨ ਸਭਾ ਉਪ ਚੋਣ ਪ੍ਰਚਾਰ ਵਿਚ ਹਿੱਸਾ ਲੈ ਸਕਦਾ ਹੈ ਅਤੇ ਚੋਣ ਵੀ ਲੜ ਸਕਦਾ ਹੈ।
ਬਾਦਲ ਦੇ ਪ੍ਰਭਾਵ ਕਾਰਨ ਅਕਾਲੀ ਆਗੂਆਂ ਵੱਲੋਂ ਜ਼ਿਮਨੀ ਚੋਣਾ ਲੜਨ ਤੋਂ ਇਨਕਾਰ
ਸੁਖਬੀਰ ਦੇ ਪ੍ਰਭਾਵ ਕਾਰਨ ਅਕਾਲੀ ਆਗੂਆਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਸੁਖਬੀਰ ਤੋਂ ਬਿਨਾਂ ਵਿਧਾਨ ਸਭਾ ਉਪ ਚੋਣ ਲੜਨ ਤੋਂ ਇਨਕਾਰ ਕਰਦਿਆਂ ਇਸ ਦਾ ਬਾਈਕਾਟ ਕਰ ਦਿੱਤਾ। ਸੁਖਬੀਰ ਨੇ 31 ਅਗਸਤ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲਿਖਤੀ ਮੁਆਫ਼ੀਨਾਮਾ ਸੌਂਪਿਆ ਸੀ ਅਤੇ ਕਿਹਾ ਸੀ ਕਿ ਉਹ ਸਿੰਘ ਸਾਹਿਬਾਨ ਦਾ ਹਰ ਹੁਕਮ ਮੰਨਣਗੇ। ਉਨ੍ਹਾਂ ਜਥੇਦਾਰ ਰਘਬੀਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਸਜ਼ਾ ਬਾਰੇ ਜਲਦੀ ਫੈਸਲਾ ਲਿਆ ਜਾਵੇ ਪਰ ਢਾਈ ਮਹੀਨੇ ਬੀਤ ਜਾਣ ’ਤੇ ਵੀ ਇਸ ’ਤੇ ਕੋਈ ਫੈਸਲਾ ਨਹੀਂ ਹੋਇਆ।