Champions Trophy 2025: ਹਰ ਕ੍ਰਿਕਟ ਪ੍ਰਸ਼ੰਸਕ ਦੀਆਂ ਨਜ਼ਰਾਂ ਫਿਲਹਾਲ ਚੈਂਪੀਅਨਜ਼ ਟਰਾਫੀ 2025 ‘ਤੇ ਟਿਕੀਆਂ ਹੋਈਆਂ ਹਨ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ ਦੇ ਹੱਥ ਹੈ, ਜੋ ਫਰਵਰੀ ਅਤੇ ਮਾਰਚ ਵਿੱਚ ਖੇਡਿਆ ਜਾਵੇਗਾ। ਪਰ ਆਈਸੀਸੀ ਨੇ ਅਜੇ ਤੱਕ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਨਹੀਂ ਕੀਤਾ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਿਹਾ ਵਿਵਾਦ ਹੈ। ਦਰਅਸਲ, ਟੀਮ ਇੰਡੀਆ ਇਸ ਟੂਰਨਾਮੈਂਟ ਲਈ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ ਅਤੇ ਹਾਈਬ੍ਰਿਡ ਮਾਡਲ ਲਈ ਤਿਆਰ ਹੈ। ਪਰ ਪੀਸੀਬੀ ਪੂਰਾ ਟੂਰਨਾਮੈਂਟ ਆਪਣੇ ਦੇਸ਼ ਵਿੱਚ ਕਰਵਾਉਣਾ ਚਾਹੁੰਦਾ ਹੈ। ਅਜਿਹੇ ‘ਚ ICC ਨੇ 29 ਨਵੰਬਰ ਨੂੰ ਸਾਰੇ ਬੋਰਡਾਂ ਦੀ ਬੈਠਕ ਆਯੋਜਿਤ ਕੀਤੀ ਸੀ, ਤਾਂ ਜੋ ਇਸ ਟੂਰਨਾਮੈਂਟ ‘ਤੇ ਅੰਤਿਮ ਫੈਸਲਾ ਲਿਆ ਜਾ ਸਕੇ। ਪਰ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਇਸ ਮੀਟਿੰਗ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ।
ਹਾਈਬ੍ਰਿਡ ਮਾਡਲ ‘ਤੇ ਚਰਚਾ ਹੋਈ
ਇਹ ਇੱਕ ਵਰਚੁਅਲ ਮੀਟਿੰਗ ਸੀ, ਜੋ ਸਿਰਫ਼ 10 ਤੋਂ 15 ਮਿੰਟ ਹੀ ਚੱਲ ਸਕੀ, ਜਿਸ ਤੋਂ ਬਾਅਦ ਮੀਟਿੰਗ 30 ਨਵੰਬਰ ਯਾਨੀ ਅੱਜ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਰੇਵ ਸਪੋਰਟਸ ਦੀ ਰਿਪੋਰਟ ਮੁਤਾਬਕ ਇਸ ਬੈਠਕ ‘ਚ ਹਾਈਬ੍ਰਿਡ ਮਾਡਲ ‘ਤੇ ਚਰਚਾ ਹੋਈ, ਜਿੱਥੇ ਪਾਕਿਸਤਾਨ ਨੂੰ ਇਕੱਲਾ ਛੱਡ ਦਿੱਤਾ ਗਿਆ। ਭਾਵ ਚੈਂਪੀਅਨਜ਼ ਟਰਾਫੀ ‘ਚ ਖੇਡਣ ਵਾਲੇ ਸਾਰੇ ਕ੍ਰਿਕਟ ਬੋਰਡ ਭਾਰਤ ਦੇ ਨਾਲ ਹਨ ਅਤੇ ਉਹ ਹਾਈਬ੍ਰਿਡ ਮਾਡਲ ‘ਤੇ ਟੂਰਨਾਮੈਂਟ ਖੇਡਣ ਲਈ ਤਿਆਰ ਹਨ। ਪਰ ਪਾਕਿਸਤਾਨ ਅਜੇ ਵੀ ਆਪਣੀ ਜ਼ਿੱਦ ‘ਤੇ ਅੜਿਆ ਹੋਇਆ ਹੈ। ਉਹ ਪੂਰਾ ਟੂਰਨਾਮੈਂਟ ਪਾਕਿਸਤਾਨ ‘ਚ ਹੀ ਕਰਵਾਉਣਾ ਚਾਹੁੰਦਾ ਹੈ।
ਹੁਣ ਮੇਜ਼ਬਾਨੀ ਦੇ ਅਧਿਕਾਰ ਖੁੱਸਣ ਦਾ ਖਤਰਾ
ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਕ੍ਰਿਕਟ ਬੋਰਡ ਫਿਲਹਾਲ ਚੈਂਪੀਅਨਸ ਟਰਾਫੀ 2025 ਨੂੰ ਲੈ ਕੇ ਇਕੱਲਾ ਖੜ੍ਹਾ ਹੈ। ਅਜਿਹੇ ‘ਚ ਪਾਕਿਸਤਾਨ ‘ਤੇ ਹੁਣ ਮੇਜ਼ਬਾਨੀ ਦੇ ਅਧਿਕਾਰ ਖੁੱਸਣ ਦਾ ਖਤਰਾ ਹੈ। ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਬੈਠਕ ‘ਚ ਆਪਣੀ ਜ਼ਿੱਦ ‘ਤੇ ਅੜੀ ਰਿਹਾ ਤਾਂ ਉਸ ਨੂੰ ਭਾਰੀ ਵਿੱਤੀ ਨੁਕਸਾਨ ਹੋ ਸਕਦਾ ਹੈ। ਉਮੀਦ ਹੈ ਕਿ ਅਗਲੇ 24-48 ਘੰਟਿਆਂ ਵਿੱਚ ਕੋਈ ਹੱਲ ਲੱਭ ਲਿਆ ਜਾਵੇਗਾ ਅਤੇ ਫਿਰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਸ਼ਡਿਊਲ ਦਾ ਐਲਾਨ ਵੀ ਕਰ ਦੇਵੇਗੀ ਕਿਉਂਕਿ ਹੁਣ ਇਸ ਟੂਰਨਾਮੈਂਟ ਦੇ ਸ਼ੁਰੂ ਹੋਣ ਵਿੱਚ 3 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ।