ਸੀਰੀਆ ‘ਚ ਬਸ਼ਰ ਅਲ-ਅਸਦ ਦੇ ਸ਼ਾਸਨ ਨੂੰ ਖਤਮ ਕਰਨ ਵਾਲੇ ਸੰਗਠਨ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.) ਦੇ ਮੁਖੀ ਅਬੂ ਮੁਹੰਮਦ ਅਲ-ਗੋਲਾਨੀ ਨੇ ਕਿਹਾ ਹੈ ਕਿ ਅਸਦ ਸ਼ਾਸਨ ਦੇ ਸੁਰੱਖਿਆ ਬਲਾਂ ਨੂੰ ਭੰਗ ਕਰ ਦਿੱਤਾ ਜਾਵੇਗਾ। ਮਾਰਨ ਅਤੇ ਤੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਨਾਲ ਹੀ ਪੁਰਾਣੀ ਹਕੂਮਤ ਦੀਆਂ ਬਦਨਾਮ ਜੇਲ੍ਹਾਂ ਵੀ ਬੰਦ ਕੀਤੀਆਂ ਜਾਣਗੀਆਂ। ਮੰਨਿਆ ਜਾਂਦਾ ਹੈ ਕਿ ਅਸਦ ਪਰਿਵਾਰ ਨੇ ਆਪਣੇ 53 ਸਾਲਾਂ ਦੀ ਸੱਤਾ ਦੌਰਾਨ ਪੁਲਿਸ ਬਲ ਦੀ ਸਭ ਤੋਂ ਵੱਧ ਵਰਤੋਂ ਕੀਤੀ ਹੈ। ਵਿਰੋਧੀਆਂ ਦੀ ਅਵਾਜ਼ ਨੂੰ ਦਬਾਉਣ ਲਈ ਸਰਕਾਰ ਨੇ ਪੁਲਿਸ ਦੇ ਧੱਕੇਸ਼ਾਹੀਆਂ ਦੀ ਵਰਤੋਂ ਕੀਤੀ। ਪਰ ਹੁਣ HTS ਦੇਸ਼ ਦੀ ਸਭ ਤੋਂ ਤਾਕਤਵਰ ਤਾਕਤ ਬਣ ਕੇ ਉਭਰੀ ਹੈ। ਅਜਿਹੇ ਵਿੱਚ ਐਚਟੀਐਸ ਆਪਣੇ ਵਫ਼ਾਦਾਰ ਇਸਲਾਮਿਕ ਲੜਾਕਿਆਂ ਨੂੰ ਸੁਰੱਖਿਆ ਬਲਾਂ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ।
ਤਸ਼ੱਦਦ ਤੋਂ ਫਰਾਰ ਹੋਏ ਦੋਸ਼ੀਆਂ ਨੂੰ ਦੇਸ਼ ਵਾਪਿਸ ਲਿਆਵਾਂਗੇ : ਗੋਲਾਣੀ
ਗੋਲਾਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸੀਰੀਆ ਨੂੰ ਇੱਕ ਆਦਰਸ਼ ਇਸਲਾਮਿਕ ਰਾਜ ਵਜੋਂ ਪੇਸ਼ ਕਰਨਗੇ। ਪਰ ਕਾਰਜਕਾਰੀ ਪ੍ਰਧਾਨ ਮੰਤਰੀ ਮੁਹੰਮਦ ਅਲ-ਬਸ਼ੀਰ ਨੇ ਸਪੱਸ਼ਟ ਕੀਤਾ ਹੈ ਕਿ ਹਰ ਕਿਸੇ ਨੂੰ ਧਰਮ ਅਤੇ ਪਹਿਰਾਵੇ ਦੀ ਆਜ਼ਾਦੀ ਹੋਵੇਗੀ। ਗੋਲਾਨੀ ਨੇ ਸਰਕਾਰੀ ਟੈਲੀਵਿਜ਼ਨ ‘ਤੇ ਕਿਹਾ ਕਿ ਕੈਦੀਆਂ ਦੇ ਤਸ਼ੱਦਦ ਅਤੇ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਜੇਕਰ ਉਹ ਲੋਕ ਦੇਸ਼ ਛੱਡ ਕੇ ਭੱਜ ਗਏ ਹਨ ਤਾਂ ਉਨ੍ਹਾਂ ਨੂੰ ਵਾਪਸ ਲਿਆ ਕੇ ਸਜ਼ਾ ਦਿੱਤੀ ਜਾਵੇਗੀ।
ਅੱਤਵਾਦੀ ਸੰਗਠਨਾਂ ਦੀ ਸੂਚੀ ‘ਚ ਦਰਜ ਐੱਚਟੀਐੱਸ
ਵਰਨਣਯੋਗ ਹੈ ਕਿ 8 ਦਸੰਬਰ ਨੂੰ ਦਮਿਸ਼ਕ ‘ਤੇ ਕਬਜ਼ਾ ਕਰਨ ਤੋਂ ਬਾਅਦ ਐਚਟੀਐਸ ਨੇ ਅਜਿਹਾ ਕੁਝ ਨਹੀਂ ਕੀਤਾ ਜਿਸ ਨਾਲ ਇਸ ਬਾਰੇ ਕੋਈ ਨਾਂਹ-ਪੱਖੀ ਚਰਚਾ ਪੈਦਾ ਹੁੰਦੀ, ਪਰ ਇਹ ਸੰਗਠਨ ਅਜੇ ਵੀ ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ ਅਤੇ ਅਮਰੀਕਾ ਦੀ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਦਰਜ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਸਪੱਸ਼ਟ ਕੀਤਾ ਹੈ ਕਿ ਸੀਰੀਆ ਦੀ ਨਵੀਂ ਸਰਕਾਰ ਨੂੰ ਘੱਟ ਗਿਣਤੀ ਅਧਿਕਾਰਾਂ, ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਪਾਲਣ ਕਰਨਾ ਹੋਵੇਗਾ। ਨਾਲ ਹੀ, ਸੀਰੀਆ ਨੂੰ ਅੱਤਵਾਦੀਆਂ ਲਈ ਪਨਾਹਗਾਹ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਨਵੀਂ ਸਰਕਾਰ ਅਤੇ ਐਚਟੀਐਸ ਨੂੰ ਮਾਨਤਾ ਦੇਣ ਬਾਰੇ ਵਿਚਾਰ ਕੀਤਾ ਜਾਵੇਗਾ।