ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸ਼ਨੀਵਾਰ ਨੂੰ ਨਿਗਮ ਬੋਧਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੌਜ ਦੀ ਤੋਪ ਗੱਡੀ ਰਾਹੀਂ ਦਿੱਲੀ ਦੇ ਨਿਗਮਬੋਧ ਘਾਟ ਲਿਆਂਦਾ ਗਿਆ। ਇੱਥੇ ਤਿੰਨੋਂ ਫ਼ੌਜਾਂ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਸਰਕਾਰੀ ਸਨਮਾਨਾਂ ਤੋਂ ਬਾਅਦ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮਨਮੋਹਨ ਦੀ ਪਤਨੀ ਗੁਰਸ਼ਰਨ ਕੌਰ, ਵੱਡੀ ਬੇਟੀ ਉਪਿੰਦਰ ਸਿੰਘ (65), ਦੂਜੀ ਬੇਟੀ ਦਮਨ ਸਿੰਘ (61) ਅਤੇ ਤੀਜੀ ਬੇਟੀ ਅੰਮ੍ਰਿਤ ਸਿੰਘ (58) ਨਿਗਮ ਘਾਟ ਵਿਖੇ ਮੌਜੂਦ ਸਨ। ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮੁਲਾਕਾਤ ਕੀਤੀ। ਧੀ ਨੇ ਮੁਖ ਅਗਨੀ ਦਿੱਤੀ।
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਦਿੱਤੀ ਸ਼ਰਧਾਜ਼ਲੀ
ਸੋਨੀਆ, ਪ੍ਰਿਅੰਕਾ, ਰਾਹੁਲ ਅਤੇ ਸੀਨੀਅਰ ਕਾਂਗਰਸ ਨੇਤਾਵਾਂ ਨੇ ਨਿਗਮਬੋਧ ਘਾਟ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਵੀ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ। ਸਸਕਾਰ ਮੌਕੇ ਵੀ ਮਨਮੋਹਨ ਸਿੰਘ ਨੂੰ ਉਨ੍ਹਾਂ ਦੀ ਮਨਪਸੰਦ ਨੀਲੀ ਪੱਗ ਬੰਨ੍ਹੀ ਗਈ ਸੀ। ਕੈਂਬਰਿਜ ਯੂਨੀਵਰਸਿਟੀ ਨੂੰ ਯਾਦ ਕਰਨ ਲਈ, ਉਨ੍ਹਾਂ ਨੇ ਇਸ ਦੇ ਇੱਕ ਰੰਗ ਨੂੰ ਆਪਣੀ ਪੱਗ ਦਾ ਸਿਗਨੇਚਰ ਰੰਗ ਬਣਾਇਆ।
ਵੀਰਵਾਰ ਦੇਰ ਰਾਤ ਹੋਇਆ ਸੀ ਦੇਹਾਂਤ
ਡਾ: ਮਨਮੋਹਨ ਸਿੰਘ ਦਾ ਮ੍ਰਿਤਕ ਸਰੀਰ ਸਵੇਰੇ 9:30 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਕਾਂਗਰਸ ਹੈੱਡਕੁਆਰਟਰ ਲਿਆਂਦਾ ਗਿਆ। ਇਸ ਤੋਂ ਬਾਅਦ ਅੰਤਿਮ ਯਾਤਰਾ ਸ਼ੁਰੂ ਹੋਈ। ਰਾਹੁਲ ਗਾਂਧੀ ਮ੍ਰਿਤਕ ਦੇਹ ਨਾਲ ਕਾਰ ਵਿੱਚ ਬੈਠੇ ਸਨ। ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਵੀਰਵਾਰ ਰਾਤ ਨੂੰ ਦੇਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਘਰ ਵਿੱਚ ਬੇਹੋਸ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਰਾਤ 8:06 ਵਜੇ ਦਿੱਲੀ ਏਮਜ਼ ਲਿਆਂਦਾ ਗਿਆ। ਹਸਪਤਾਲ ਦੇ ਬੁਲੇਟਿਨ ਮੁਤਾਬਕ ਉਨ੍ਹਾਂ ਨੇ ਰਾਤ 9:51 ‘ਤੇ ਆਖਰੀ ਸਾਹ ਲਿਆ।
ਮਨਮੋਹਨ ਦੀ ਯਾਦਗਾਰ ਨੂੰ ਲੈ ਕੇ ਖੜਾ ਹੋਇਆ ਵਿਵਾਦ
ਨਿਗਮਬੋਧ ਘਾਟ ‘ਤੇ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ‘ਤੇ ਕਾਂਗਰਸ ਨੇ ਨਾਰਾਜ਼ਗੀ ਜਤਾਈ ਹੈ। ਕੇਸੀ ਵੇਣੂਗੋਪਾਲ ਨੇ ਕਿਹਾ- ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਵੀ ਨਹੀਂ ਮਿਲੀ। ਇਹ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ ਅਪਮਾਨ ਹੈ। ਦਰਅਸਲ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ-ਸ਼ਾਹ ਤੋਂ ਮੰਗ ਕੀਤੀ ਸੀ ਕਿ ਜਿੱਥੇ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ, ਉੱਥੇ ਹੀ ਯਾਦਗਾਰ ਬਣਾਈ ਜਾਵੇ। ਹਾਲਾਂਕਿ, ਗ੍ਰਹਿ ਮੰਤਰਾਲੇ ਨੇ ਦੇਰ ਰਾਤ ਕਿਹਾ ਕਿ ਸਮਾਰਕ ਦੀ ਸਹੀ ਜਗ੍ਹਾ ਦਾ ਫੈਸਲਾ ਕਰਨ ਵਿੱਚ ਕੁਝ ਦਿਨ ਲੱਗ ਸਕਦੇ ਹਨ।