ਪੰਜਾਬ ਦੇ ਤਰਨਤਾਰਨ ਸਰਹੱਦ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਰਹੱਦ ‘ਤੇ ਜਾਰੀ ਅਲਰਟ ਦੇ ਮੱਦੇਨਜ਼ਰ ਬੀਐਸਐਫ ਦੇ ਜਵਾਨਾਂ ਨੇ ਸਾਵਧਾਨੀ ਵਜੋਂ ਇਹ ਕਦਮ ਚੁੱਕਿਆ। ਉਹ ਭਾਰਤੀ ਸਰਹੱਦ ਵਿੱਚ ਦਾਖ਼ਲ ਹੋ ਗਿਆ ਸੀ ਅਤੇ ਵਾਰ-ਵਾਰ ਚੁਣੌਤੀ ਦੇਣ ਦੇ ਬਾਵਜੂਦ ਵਾਪਸ ਨਹੀਂ ਗਿਆ। ਫਿਲਹਾਲ ਬੀਐਸਐਫ ਦੇ ਜਵਾਨਾਂ ਨੇ ਉਸਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ।
12-13 ਦਰਮਿਆਨੀ ਰਾਤ ਨੂੰ ਵਾਪਰੀ ਘਟਨਾ
ਬੀਐਸਐਫ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਘਟਨਾ 12-13 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ। ਬੀਐਸਐਫ ਦੇ ਜਵਾਨਾਂ ਨੇ ਪਾਕਿਸਤਾਨ ਤੋਂ ਇੱਕ ਘੁਸਪੈਠੀਏ ਦੀ ਸ਼ੱਕੀ ਗਤੀਵਿਧੀ ਦੇਖੀ। ਇਹ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡਾਲ ਕੋਲ ਪੈਂਦੇ ਇਲਾਕੇ ਵਿੱਚ ਕੌਮਾਂਤਰੀ ਸਰਹੱਦ ਪਾਰ ਕਰਕੇ ਸਰਹੱਦੀ ਸੁਰੱਖਿਆ ਵਾੜ ਵੱਲ ਆ ਰਿਹਾ ਸੀ। ਚੌਕਸ ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਏ ਨੂੰ ਵਾਰਨਿੰਗ ਦਿੱਤੀਪਰ ਉਹ ਨਹੀਂ ਰੁਕਿਆ ਅਤੇ ਸਰਹੱਦੀ ਸੁਰੱਖਿਆ ਵਾੜ ਵੱਲ ਵਧਦਾ ਰਿਹਾ। ਖਤਰੇ ਨੂੰ ਭਾਂਪਦਿਆਂ ਅਤੇ ਰਾਤ ਦੇ ਸਮੇਂ ਸਰਹੱਦ ‘ਤੇ ਹਾਈ ਅਲਰਟ ਸਥਿਤੀ ਨੂੰ ਦੇਖਦੇ ਹੋਏ, ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਅੱਗੇ ਵਧ ਰਹੇ ਘੁਸਪੈਠੀਏ ‘ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇੱਕ ਮਹੀਨੇ ਵਿੱਚ ਤੀਜੀ ਘਟਨਾ
ਪਿਛਲੇ ਇਕ ਮਹੀਨੇ ਤੋਂ ਪੰਜਾਬ ਸਰਹੱਦ ‘ਤੇ ਘੁਸਪੈਠ ਦੇ ਮਾਮਲਿਆਂ ਵਿਚ ਕੁਝ ਵਾਧਾ ਹੋਇਆ ਹੈ। 23 ਜੁਲਾਈ ਅਤੇ ਫਿਰ 26 ਜੁਲਾਈ ਨੂੰ ਬੀਐਸਐਫ ਨੇ ਅੰਮ੍ਰਿਤਸਰ ਸਰਹੱਦ ਤੋਂ ਦੋ ਘੁਸਪੈਠੀਆਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਕੋਲੋਂ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਇਸ ਦੇ ਨਾਲ ਹੀ 1 ਅਗਸਤ ਨੂੰ ਤਰਨਤਾਰਨ ਸਰਹੱਦ ਤੋਂ ਹੀ ਵਿਦੇਸ਼ੀ ਹਥਿਆਰ ਬਰਾਮਦ ਹੋਏ ਸਨ, ਜੋ ਸਰਹੱਦ ਪਾਰ ਤੋਂ ਭਾਰਤੀ ਸਰਹੱਦ ਵੱਲ ਭੇਜੇ ਜਾਂਦੇ ਸਨ।