Crime: ਪੰਜਾਬ ਦੇ ਹੁਸ਼ਿਆਰਪੁਰ ‘ਚ ਐਤਵਾਰ (20 ਅਕਤੂਬਰ) ਨੂੰ ਕਰਵਾ ਚੌਥ ਦੀ ਰਾਤ ਨੂੰ ਪਿਉ-ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਦੋ ਬੱਚੇ ਵੀ ਜ਼ਖਮੀ ਹੋਏ ਹਨ। ਇਹ ਘਟਨਾ ਪਿੰਡ ਚੱਕੋਵਾਲ ਬ੍ਰਾਹਮਣਾ ਦੀ ਹੈ। ਉਹ ਦੋਵੇਂ ਨਵਜੰਮੇ ਬੱਚੇ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਜਿਵੇਂ ਹੀ ਉਹ ਬਾਹਰ ਆਏ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮ੍ਰਿਤਕਾਂ ਦੀ ਪਛਾਣ ਅਮਰਜੀਤ (37) ਵਾਸੀ ਤਲਵੰਡੀ ਰਾਈਆਂ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ (60) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਅਮਰਜੀਤ ਦੇ ਲੜਕੇ ਗੁਨਰਾਜ ਅਤੇ ਅਮਰਜੀਤ ਦੇ ਭਰਾ ਸੁਖਜੀਤ ਦੇ ਲੜਕੇ ਸ਼ਿਵਮ ਨੂੰ ਗੋਲੀਆਂ ਲੱਗੀਆਂ। ਦੋਵਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਨਸ਼ੇ ਦੀ ਤਸਕਰੀ ਅਤੇ ਨਜਾਇਜ਼ ਹਥਿਆਰ ਰੱਖਣ ਸਬੰਧੀ ਸ਼ਿਕਾਇਤ ਦਿੱਤੀ ਸੀ। ਇਸੇ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਭੁੱਲੋਵਾਲ ਦੇ ਡੀਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਕਾਰਨ ਇਹ ਹਮਲਾ ਹੋਇਆ ਹੈ। ਅਸੀਂ ਕੇਸ ਦਰਜ ਕਰ ਰਹੇ ਹਾਂ। 2 ਲੋਕਾਂ ਦੀ ਮੌਤ ਹੋ ਗਈ ਹੈ, 2 ਬੱਚੇ ਜ਼ਖਮੀ ਹੋਏ ਹਨ। ਫਿਲਹਾਲ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਪੰਚੀ ਨੂੰ ਲੈ ਕੇ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਹੈ। ਕਿਸੇ ਹੋਰ ਗੱਲ ਨੂੰ ਲੈ ਕੇ ਉਨ੍ਹਾਂ ਦੀ ਆਪਸ ਵਿੱਚ ਰੰਜਿਸ਼ ਸੀ।