Punjab News: ਪੰਜਾਬ ਦੇ ਜਲੰਧਰ ‘ਚ ਦੇਰ ਰਾਤ ਲੜਕੀ ਨਾਲ ਛੇੜਛਾੜ ਦੇ ਵਿਰੋਧ ‘ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਲੜਕੀ ਘਰੋਂ ਕੁਝ ਸਾਮਾਨ ਲੈਣ ਆਈ ਸੀ, ਜਿਸ ਦੌਰਾਨ ਕੁਝ ਬਦਮਾਸ਼ਾਂ ਨੇ ਲੜਕੀ ਨਾਲ ਛੇੜਛਾੜ ਕੀਤੀ। ਜਦੋਂ ਲੜਕੀ ਦੇ ਪੱਖ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਪੱਖ ਨੇ ਘਰ ‘ਚ ਆ ਕੇ ਘਰ ‘ਚ ਭੰਨਤੋੜ ਕੀਤੀ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਮੌਕੇ ’ਤੇ ਪੁੱਜੀ। ਦੇਰ ਰਾਤ ਪੁਲਿਸ ਨੇ ਇਸ ਮਾਮਲੇ ‘ਚ ਐੱਫਆਈਆਰ ਦਰਜ ਕਰ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੀੜਤ ਨੇ ਕਿਹਾ- ਘਰ ਦੀ ਕੀਤੀ ਭੰਨਤੋੜ ਅਤੇ ਹਵਾਈ ਫਾਇਰਿੰਗ ਕੀਤੀ
ਪੀੜਤਾ ਦੀ ਮਾਂ ਨੇ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਉਸ ਦੀ ਬੇਟੀ ਸਾਮਾਨ ਲੈਣ ਘਰੋਂ ਨਿਕਲੀ ਸੀ। ਇਸ ਦੌਰਾਨ ਰਸਤੇ ‘ਚ ਕੁਝ ਬਦਮਾਸ਼ਾਂ ਨੇ ਉਸ ਨਾਲ ਛੇੜਛਾੜ ਕੀਤੀ। ਪੀੜਤਾ ਨੇ ਵਿਰੋਧ ਕੀਤਾ ਅਤੇ ਆਪਣੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਜਦੋਂ ਪਰਿਵਾਰ ਨੇ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਅਤੇ ਦੇਸੀ ਪਿਸਤੌਲ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੀੜਤ ਦੇ ਭਰਾ ਨੇ ਦੱਸਿਆ ਕਿ ਉਹ ਸੋਢਲ ਮੇਲਾ ਦੇਖਣ ਆਇਆ ਸੀ। ਜਦੋਂ ਉਹ ਵਾਪਸ ਆਇਆ ਤਾਂ ਉਸਦਾ ਭਰਾ ਰੋ ਰਿਹਾ ਸੀ। ਜਿੱਥੇ ਉਸ ਦੇ ਪਰਿਵਾਰ ‘ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਮੁਲਜ਼ਮਾਂ ਮੋਨਾ ਅਤੇ ਉਸ ਦੇ ਸਾਥੀ ਰੌਕੀ ਅਤੇ ਹੋਰਾਂ ਨੇ ਹਮਲਾ ਕਰ ਦਿੱਤਾ।
ਦੇਰ ਰਾਤ 5 ਮੁਲਜ਼ਮ ਗ੍ਰਿਫ਼ਤਾਰ
ਜਾਣਕਾਰੀ ਮੁਤਾਬਕ ਪੁਲਿਸ ਨੇ ਦੇਰ ਰਾਤ 5 ਨੌਜਵਾਨਾਂ ਨੂੰ ਹਿਰਾਸਤ ‘ਚ ਲੈ ਲਿਆ ਸੀ। ਜਿਨ੍ਹਾਂ ਕੋਲੋਂ ਪੁਲਿਸ ਨੇ ਇੱਕ ਦੇਸੀ ਪਿਸਤੌਲ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਬੀਤੀ ਦੇਰ ਰਾਤ ਆਰਮਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਹੋਰ ਮੁਲਜ਼ਮਾਂ ਦੀ ਸ਼ਮੂਲੀਅਤ ਦੀ ਜਾਂਚ ਕਰਨ ਲਈ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ।