ਮਾਨਸਿਕ ਤੌਰ ‘ਤੇ ਬਿਮਾਰ ਨੌਜਵਾਨ ਨੇ ਪਿਤਾ ਤੇ ਭਰਾ ਨੂੰ ਡੰਡਿਆਂ ਨਾਲ ਕੁੱਟਿਆ, ਬਜ਼ੁਰਗ ਦੀ ਮੌਤ

Crime: ਬਰਨਾਲਾ ਦੇ ਪਿੰਡ ਮਹਿਲ ਕਲਾਂ ਦੇ ਪਿੰਡ ਚੌਹਾਨਕੇ ਵਿਖੇ ਬੀਤੀ ਰਾਤ ਕਰੀਬ 2.30 ਵਜੇ ਇੱਕ ਨੌਜਵਾਨ ਨੇ ਆਪਣੇ ਬਜ਼ੁਰਗ ਪਿਤਾ ਮੱਘਰ ਸਿੰਘ ਅਤੇ ਭਰਾ ਕੁਲਵੰਤ ਸਿੰਘ ਨੂੰ ਡੰਡਿਆਂ ਨਾਲ ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਹਮਲੇ ‘ਚ ਜ਼ਖਮੀ ਹੋਏ 65 ਸਾਲਾ ਵਿਅਕਤੀ ਦੀ ਮੌਤ ਹੋ ਗਈ। ਗੰਭੀਰ ਜ਼ਖਮੀ ਭਰਾ ਨੂੰ ਲੁਧਿਆਣਾ ਡੀਐਮਸੀ ਵਿਖੇ ਰੈਫਰ ਕਰ ਦਿੱਤਾ ਗਿਆ।

ਬਜ਼ੁਰਗ ਦੀ ਹੋਈ ਮੌਤ

ਐਸਐਚਓ ਮਹਿਲ ਕਲਾਂ ਕਮਲਜੀਤ ਸਿੰਘ ਨੇ ਦੱਸਿਆ ਕਿ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੌਹਾਨਕੇ ਕਲਾਂ ਤੋਂ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਉਸ ਦੇ ਭਰਾ ਅਤੇ ਪਿਤਾ ਨੂੰ ਡੰਡਿਆਂ ਨਾਲ ਕੁੱਟ ਕੇ ਜ਼ਖ਼ਮੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਜ਼ਖਮੀ ਪਿਓ-ਪੁੱਤ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਸ ਦੀ ਹਾਲਤ ਨੂੰ ਦੇਖਦੇ ਹੋਏ ਜ਼ਖਮੀ ਬਜ਼ੁਰਗ ਮੱਘਰ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਬਜ਼ੁਰਗ ਮੱਘਰ ਸਿੰਘ ਦੀ ਮੌਤ ਹੋ ਗਈ। ਦੂਜੇ ਪਾਸੇ ਕੁਲਵੰਤ ਸਿੰਘ ਨੂੰ ਵੀ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਸਦੀ ਹਾਲਤ ਖਤਰੇ ਵਿੱਚ ਦੱਸੀ ਜਾ ਰਹੀ ਹੈ।

ਮੁਲਜ਼ਮ ਦਾ ਮਾਨਸਿਕ ਸੰਤੁਲਨ ਠੀਕ ਨਹੀਂ

ਉਸ ਨੇ ਦੱਸਿਆ ਕਿ ਕਾਤਲ ਅਮਨਦੀਪ ਸਿੰਘ ਦਿਮਾਗੀ ਤੌਰ ‘ਤੇ ਬਿਮਾਰ ਹੈ, ਜਿਸ ਦਾ ਧਨੌਲਾ ‘ਚ ਵੀ ਮਾਨਸਿਕ ਇਲਾਜ ਚੱਲ ਰਿਹਾ ਹੈ ਅਤੇ ਉਸ ਨੂੰ ਜ਼ਿਆਦਾਤਰ ਸਮਾਂ ਘਰ ‘ਚ ਹੀ ਰੱਖਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੱਘਰ ਸਿੰਘ ਦੇ ਵੱਡੇ ਪੁੱਤਰ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਮਨਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Exit mobile version