Kangana Ranaut: ਐਮਰਜੈਂਸੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕੰਗਨਾ ਨੇ ਵੇਚੀ ਆਪਣੀ ਵਿਵਾਦਿਤ ਪ੍ਰਾਪਰਟੀ

ਬਾਲੀਵੁੱਡ ਅਭਿਨੇਤਰੀ ਅਤੇ ਬੀਜੇਪੀ ਸਾਂਸਦ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ‘ਚ ਹਨ। ਇਸ ਦਾ ਕਾਰਨ ਉਨ੍ਹਾਂ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਹੈ। ਸਿੱਖ ਭਾਈਚਾਰੇ ਵੱਲੋਂ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਕਾਰਨ ਇਸ ਦੀ ਰਿਲੀਜ਼ ਡੇਟ ਟਾਲ ਦਿੱਤੀ ਗਈ ਸੀ। ਹੁਣ ਖਬਰ ਆ ਰਹੀ ਹੈ ਕਿ ਅਦਾਕਾਰਾ ਨੇ ਆਪਣਾ ਪਾਲੀ ਹਿੱਲ ਵਾਲਾ ਬੰਗਲਾ ਵੇਚ ਦਿੱਤਾ ਹੈ।

2017 ਵਿੱਚ 20.7 ਕਰੋੜ ਵਿੱਚ ਖਰੀਦੀ ਸੀ

ਇਹ ਜਾਣਕਾਰੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ। ਅਭਿਨੇਤਰੀ ਨੇ ਇਹ ਬੰਗਲਾ 32 ਕਰੋੜ ਰੁਪਏ ‘ਚ ਵੇਚਿਆ ਹੈ ਜੋ ਕਿ ਵਿਵਾਦਤ ਜਾਇਦਾਦ ਸੀ। ਉਸ ਨੇ ਇਹ ਜਾਇਦਾਦ ਸਤੰਬਰ 2017 ਵਿੱਚ 20.7 ਕਰੋੜ ਰੁਪਏ ਵਿੱਚ ਖਰੀਦੀ ਸੀ। ਉਸਨੇ ਦਸੰਬਰ 2022 ਵਿੱਚ ਜਾਇਦਾਦ ਦੇ ਬਦਲੇ ICICI ਬੈਂਕ ਤੋਂ 27 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਸੀ। ਇਸ ਬੰਗਲੇ ਨੂੰ ਉਸ ਦੇ ਪ੍ਰੋਡਕਸ਼ਨ ਹਾਊਸ, ਮਣੀਕਰਨਿਕਾ ਫਿਲਮਜ਼ ਦੇ ਦਫਤਰ ਵਜੋਂ ਵਰਤਿਆ ਜਾ ਰਿਹਾ ਸੀ।

ਲੰਬੇ ਸਮੇਂ ਤੋਂ ਵੇਚਣਾ ਚਾਹੁੰਦੀ ਸੀ ਬੰਗਲਾ

ਪਿਛਲੇ ਮਹੀਨੇ ਕੋਡ ਅਸਟੇਟ ਨਾਮ ਦੇ ਇੱਕ ਯੂਟਿਊਬ ਪੇਜ ਨੇ ਵੀ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਪ੍ਰੋਡਕਸ਼ਨ ਹਾਊਸ ਦਾ ਦਫ਼ਤਰ ਵਿਕਰੀ ਲਈ ਤਿਆਰ ਹੈ। ਹਾਲਾਂਕਿ ਪ੍ਰੋਡਕਸ਼ਨ ਹਾਊਸ ਅਤੇ ਮਾਲਕ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਵੀਡੀਓ ‘ਚ ਵਰਤੀਆਂ ਗਈਆਂ ਤਸਵੀਰਾਂ ਨੂੰ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਇਆ ਸੀ ਕਿ ਇਹ ਕੰਗਨਾ ਰਣੌਤ ਦਾ ਦਫਤਰ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕਮੈਂਟ ਸੈਕਸ਼ਨ ‘ਚ ਜਾ ਕੇ ਟਿੱਪਣੀ ਕੀਤੀ ਕਿ ਇਹ ਕੰਗਨਾ ਦਾ ਘਰ ਹੈ। ਇਹ ਜਾਇਦਾਦ ਤਾਮਿਲਨਾਡੂ ਦੇ ਕੋਇੰਬਟੂਰ ‘ਚ ਰਹਿਣ ਵਾਲੀ ਕਮਲਿਨੀ ਹੋਲਡਿੰਗਜ਼ ਦੀ ਪਾਰਟਨਰ ਸ਼ਵੇਤਾ ਬਥੀਜਾ ਨੇ ਖਰੀਦੀ ਹੈ।

BMC ਦੇ ਨਿਸ਼ਾਨੇ ਤੇ ਸੀ ਕੰਗਣਾ ਦੀ ਜਾਇਦਾਦ

ਦਸਤਾਵੇਜ਼ਾਂ ਦੇ ਅਨੁਸਾਰ, ਅਭਿਨੇਤਰੀ ਦਾ ਬੰਗਲਾ 3,075 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸਦਾ ਪਾਰਕਿੰਗ ਖੇਤਰ 565 ਵਰਗ ਫੁੱਟ ਹੈ। ਇਸ ਸੌਦੇ ਦੀ ਰਜਿਸਟ੍ਰੇਸ਼ਨ 5 ਸਤੰਬਰ ਨੂੰ ਹੋਈ ਸੀ, ਜਿਸ ਲਈ 1.92 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30 ਹਜ਼ਾਰ ਰੁਪਏ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ ਗਈ ਹੈ। ਇਹ ਉਹੀ ਜਾਇਦਾਦ ਹੈ ਜੋ 2020 ਵਿੱਚ BMC ਦੀ ਜਾਂਚ ਦੇ ਘੇਰੇ ਵਿੱਚ ਆਈ ਸੀ। ਸਤੰਬਰ 2020 ਵਿੱਚ, ਬੀਐਮਸੀ ਨੇ ਗੈਰ-ਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਬਾਂਦਰਾ ਵਿੱਚ ਕੰਗਨਾ ਦੇ ਦਫਤਰ ਦੇ ਕੁਝ ਹਿੱਸਿਆਂ ਨੂੰ ਢਾਹ ਦਿੱਤਾ ਸੀ। ਹਾਲਾਂਕਿ, 9 ਸਤੰਬਰ ਨੂੰ ਬੰਬਈ ਹਾਈ ਕੋਰਟ ਦੇ ਸਟੇਅ ਤੋਂ ਬਾਅਦ, ਢਾਹੁਣ ਦਾ ਕੰਮ ਰੋਕ ਦਿੱਤਾ ਗਿਆ ਸੀ।

Exit mobile version