ਈਰਾਨ ਨੇ ਮੰਗਲਵਾਰ ਰਾਤ ਨੂੰ 180 ਬੈਲਿਸਟਿਕ ਮਿਜ਼ਾਈਲਾਂ ਨਾਲ ਇਜ਼ਰਾਈਲ ‘ਤੇ ਹਮਲਾ ਕੀਤਾ। ਇਸ ਤੋਂ ਬਾਅਦ ਪੂਰੇ ਈਰਾਨ ‘ਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਈਰਾਨੀ ਲੋਕਾਂ ਨੇ ਇਜ਼ਰਾਈਲ ਅਤੇ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਹਮਾਸ ਨੇ ਵੀ ਈਰਾਨੀ ਹਮਲੇ ਦੀ ਤਾਰੀਫ ਕੀਤੀ ਹੈ। ਈਰਾਨ ਵਿੱਚ ਲੋਕਾਂ ਨੇ ਹਿਜ਼ਬੁੱਲਾ ਦੇ ਝੰਡੇ ਅਤੇ ਹਸਨ ਨਸਰੱਲਾ ਦੀਆਂ ਤਸਵੀਰਾਂ ਨਾਲ ਰੈਲੀ ਕੀਤੀ। ਰਾਜਧਾਨੀ ਤਹਿਰਾਨ ਵਿੱਚ ਜ਼ਬਰਦਸਤ ਆਤਿਸ਼ਬਾਜ਼ੀ ਕੀਤੀ ਗਈ। ਗਾਜ਼ਾ ਪੱਟੀ ਵਿੱਚ ਵੀ ਲੋਕਾਂ ਨੇ ਈਰਾਨੀ ਹਮਲੇ ਦਾ ਜਸ਼ਨ ਮਨਾਇਆ।
ਹਮਾਸ ਨੇ ਹਮਲੇ ਦੀ ਸ਼ਲਾਘਾ ਕੀਤੀ
ਹਮਾਸ ਨੇ ਕਿਹਾ “ਅਸੀਂ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈ.ਆਰ.ਜੀ.ਸੀ.) ਦੁਆਰਾ ਇਜ਼ਰਾਈਲ ‘ਤੇ ਕੀਤੇ ਗਏ ਬਹਾਦਰੀ ਭਰੇ ਰਾਕੇਟ ਦੀ ਤਾਰੀਫ ਕਰਦੇ ਹਾਂ। ਇਹ ਹਮਲਾ ਖੇਤਰ ਦੇ ਲੋਕਾਂ ਦੇ ਖਿਲਾਫ ਕਬਜ਼ੇ ਅਤੇ ਲਗਾਤਾਰ ਅਪਰਾਧਾਂ ਦੇ ਜਵਾਬ ਵਿੱਚ ਹੈ। ਇਹ ਸਾਡੇ ਦੇਸ਼ ਦੇ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ।” ਦੂਜੇ ਪਾਸੇ ਇਰਾਨ ਨੇ ਕਿਹਾ ਕਿ ਉਸ ਨੇ ਲੇਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਇਜ਼ਰਾਈਲੀ ਹਮਲੇ ਦੇ ਜਵਾਬ ਵਿੱਚ ਮੰਗਲਵਾਰ ਨੂੰ ਇਜ਼ਰਾਈਲ ਉੱਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਈਰਾਨ ਨੇ ਆਪਣੇ ਹਮਲੇ ਨੂੰ ਹਮਾਸ ਦੇ ਨੇਤਾ ਇਸਮਾਈਲ ਹਾਨੀਆ, ਹਿਜ਼ਬੁੱਲਾ ਨੇਤਾ ਸੱਯਦ ਹਸਨ ਨਸਰੱਲਾ ਅਤੇ ਈਰਾਨੀ ਬ੍ਰਿਗੇਡੀਅਰ ਜਨਰਲ ਅੱਬਾਸ ਨੀਲਫਰੋਸ਼ਾਨ ਦੀ ਮੌਤ ਦਾ ਬਦਲਾ ਦੱਸਿਆ ਹੈ। ਇਸ ਦੌਰਾਨ ਇਜ਼ਰਾਈਲ ਨੇ ਸਪੱਸ਼ਟ ਕੀਤਾ ਹੈ ਕਿ ਈਰਾਨ ਨੂੰ ਇਸ ਹਮਲੇ ਦਾ ਨਤੀਜਾ ਭੁਗਤਣਾ ਪਵੇਗਾ। ਅਸੀਂ ਫੈਸਲਾ ਕਰਾਂਗੇ ਕਿ ਕਿਵੇਂ ਜਵਾਬ ਦੇਣਾ ਹੈ।
ਈਰਾਨ ਨੇ ਅਪ੍ਰੈਲ ‘ਚ ਵੀ ਹਮਲਾ ਕੀਤਾ ਸੀ
ਇਜ਼ਰਾਈਲ ਨੇ ਤਹਿਰਾਨ ਵਿੱਚ ਇਸਮਾਈਲ ਹਾਨੀਆ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਦੀ ਪੂਰੀ ਲੀਡਰਸ਼ਿਪ ਨੂੰ ਖ਼ਤਮ ਕਰ ਦਿੱਤਾ ਹੈ। ਇਸ ਤੋਂ ਬਾਅਦ ਯਮਨ ‘ਚ ਈਰਾਨ ਸਮਰਥਿਤ ਹਾਉਤੀ ਬਾਗੀਆਂ ‘ਤੇ ਵੀ ਵੱਡਾ ਹਮਲਾ ਕੀਤਾ ਗਿਆ। ਇਨ੍ਹਾਂ ਹਮਲਿਆਂ ਤੋਂ ਬਾਅਦ ਈਰਾਨ ‘ਚ ਇਜ਼ਰਾਈਲ ਤੋਂ ਬਦਲਾ ਲੈਣ ਦੀ ਮੰਗ ਉੱਠੀ ਸੀ। ਹੁਣ ਇਜ਼ਰਾਈਲ ‘ਤੇ ਇਰਾਨ ਦੇ ਤਾਜ਼ਾ ਹਮਲੇ ਨੇ ਈਰਾਨੀ ਲੋਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਅਪ੍ਰੈਲ ‘ਚ ਵੀ ਈਰਾਨ ਨੇ ਇਜ਼ਰਾਈਲ ‘ਤੇ 300 ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ।
ਈਰਾਨ ਦੇ ਲੋਕਾਂ ਨੇ ਸੜਕ ਤੇ ਆ ਕੇ ਮਨਾਏ ਜਸ਼ਨ
ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਆਪਣੇ ਐਕਸ ਅਕਾਊਂਟ ‘ਤੇ ਭੂਮੀਗਤ ਹਥਿਆਰਾਂ ਦੇ ਵੱਡੇ ਭੰਡਾਰ ਦੀ ਫੋਟੋ ਸਾਂਝੀ ਕੀਤੀ ਹੈ। ਇਸ ਵਿੱਚ ਉਸਨੇ ਲਿਖਿਆ “ਜਿੱਤ ਅੱਲ੍ਹਾ ਤੋਂ ਆਉਂਦੀ ਹੈ ਅਤੇ ਇਹ ਨੇੜੇ ਹੈ”। ਦੂਜੇ ਪਾਸੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਜੋਸ਼ ਭਰੇ ਗੀਤਾਂ ਨਾਲ ਇਜ਼ਰਾਈਲ ‘ਤੇ ਮਿਜ਼ਾਈਲ ਹਮਲਿਆਂ ਦੀ ਵੀਡੀਓ ਚਲਾਈ। ਈਰਾਨ ਦੇ ਸ਼ਹਿਰ ਮਸ਼ਹਦ ਵਿਚ ਵੀ ਲੋਕ ਸੜਕਾਂ ‘ਤੇ ਉਤਰ ਆਏ ਅਤੇ ਹਿਜ਼ਬੁੱਲਾ ਦੇ ਪੀਲੇ ਝੰਡੇ ਅਤੇ ਹਸਨ ਨਸਰੁੱਲਾ ਦੀ ਫੋਟੋ ਨਾਲ ਜਸ਼ਨ ਮਨਾਏ। ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸਕੀਅਨ ਨੇ ਇਜ਼ਰਾਈਲ ‘ਤੇ ਹਮਲੇ ਦੀ ਸ਼ਲਾਘਾ ਕੀਤੀ ਹੈ। ਦੂਜੇ ਪਾਸੇ ਰਾਜਧਾਨੀ ਤਹਿਰਾਨ ਵਿੱਚ ਵੀ ਲੋਕਾਂ ਨੇ ਜਸ਼ਨ ਮਨਾਇਆ। ‘ ਅਮਰੀਕਾ ਦੀ ਮੌਤ ਹੋਵੇ’ ਅਤੇ ‘ਇਜ਼ਰਾਈਲ ਦੀ ਮੌਤ ਹੋਵੇ’, ਨਾਅਰੇਬਾਜ਼ੀ ਵੀ ਕੀਤੀ।