ਪਾਕਿਸਤਾਨ ਦੇ ਲਾਹੌਰ ਵਿੱਚ ਇੱਕ ਹਿੰਦੂ ਸ਼ਰਧਾਲੂ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਿੰਦੂ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ‘ਚ ਸ਼ਾਮਲ ਹੋਣ ਲਈ ਸ੍ਰੀ ਨਨਕਾਣਾ ਸਾਹਿਬ ਜਾ ਰਹੇ ਸਨ। ਰਸਤੇ ਵਿੱਚ ਲੁਟੇਰਿਆਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਲੁਟੇਰਿਆਂ ਨੇ ਲੱਖਾਂ ਦੀ ਨਕਦੀ ਲੁੱਟੀ
ਪਾਕਿਸਤਾਨ ਦੇ ਸਿੰਧ ਸੂਬੇ ਦੇ ਲਰਕਾਣਾ ਸ਼ਹਿਰ ਦਾ ਰਹਿਣ ਵਾਲਾ ਰਾਜੇਸ਼ ਕੁਮਾਰ ਆਪਣੇ ਦੋਸਤ ਅਤੇ ਰਿਸ਼ਤੇਦਾਰ ਨਾਲ ਕਾਰ ਰਾਹੀਂ ਲਾਹੌਰ ਤੋਂ ਨਨਕਾਣਾ ਸਾਹਿਬ ਜਾ ਰਿਹਾ ਸੀ। ਰਸਤੇ ‘ਚ ਲਾਹੌਰ ਤੋਂ ਕਰੀਬ 60 ਕਿਲੋਮੀਟਰ ਦੂਰ ਮਾਨਾਂਵਾਲਾ-ਨਨਕਾਣਾ ਸਾਹਿਬ ਰੋਡ ‘ਤੇ ਤਿੰਨ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ। ਪੁਲਿਸ ਅਨੁਸਾਰ ਲੁਟੇਰਿਆਂ ਨੇ ਤਿੰਨਾਂ ਕੋਲੋਂ ਸਾਢੇ ਚਾਰ ਲੱਖ ਪਾਕਿਸਤਾਨੀ ਰੁਪਏ ਲੁੱਟ ਲਏ। ਕਾਰ ਚਾਲਕ ਕੋਲੋਂ 10 ਹਜ਼ਾਰ ਪਾਕਿਸਤਾਨੀ ਰੁਪਏ ਵੀ ਖੋਹ ਲਏ ਗਏ। ਪਰ ਇਸ ਦੌਰਾਨ ਰਾਜੇਸ਼ ਕੁਮਾਰ ਨੇ ਲੁਟੇਰਿਆਂ ਦਾ ਵਿਰੋਧ ਕੀਤਾ। ਬਦਲੇ ਵਿਚ ਲੁਟੇਰਿਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਹਸਪਤਾਲ ਵਿੱਚ ਰਾਜੇਸ਼ ਦੀ ਮੌਤ ਹੋ ਗਈ
ਗੋਲੀ ਲੱਗਣ ਤੋਂ ਬਾਅਦ ਰਾਜੇਸ਼ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਰਿਸ਼ਤੇਦਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖਿਲਾਫ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਮੁੱਖ ਪ੍ਰੋਗਰਾਮ ਕਰਵਾਇਆ ਗਿਆ ਸੀ। ਭਾਰਤ ਤੋਂ ਵੀ 2500 ਤੋਂ ਵੱਧ ਸਿੱਖ ਸ਼ਰਧਾਲੂ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਲਈ ਪਾਕਿਸਤਾਨ ਪਹੁੰਚ ਚੁੱਕੇ ਹਨ।