ਬਸ਼ਰ ਅਲ ਅਸਦ ਦੇ ਦੇਸ਼ ਤੋਂ ਭੱਜਣ ਤੋਂ ਬਾਅਦ ਇਜ਼ਰਾਈਲ ਨੇ ਸੀਰੀਆ ‘ਤੇ ਵੱਡਾ ਹਮਲਾ ਕੀਤਾ। ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਹਵਾਈ ਹਮਲਿਆਂ ‘ਚ ਸੀਰੀਆਈ ਫੌਜ ਦੇ ਤਿੰਨ ਵੱਡੇ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਹੈ। ਬੰਬਾਰੀ ਵਿੱਚ ਦਰਜਨਾਂ ਹੈਲੀਕਾਪਟਰ ਅਤੇ ਜੈੱਟ ਜਹਾਜ਼ਾਂ ਨੂੰ ਨੁਕਸਾਨ ਪਹੁੰਚਿਆ ਹੈ। ਸੂਤਰਾਂ ਦੇ ਆਧਾਰ ‘ਤੇ ਰਾਇਟਰਜ਼ ਨੇ ਕਿਹਾ ਕਿ ਉੱਤਰ-ਪੂਰਬੀ ਸੀਰੀਆ ਦੇ ਕਾਮਿਸ਼ਲੀ ਹਵਾਈ ਅੱਡੇ, ਹੋਮਸ ਦੇ ਪੇਂਡੂ ਖੇਤਰਾਂ ਵਿਚ ਸ਼ਿਨਸ਼ਰ ਹਵਾਈ ਅੱਡੇ ਅਤੇ ਰਾਜਧਾਨੀ ਦਮਿਸ਼ਕ ਦੇ ਦੱਖਣ-ਪੱਛਮ ਵਿਚ ਅਕਰਾਬਾ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਧਾਨੀ ਦਮਿਸ਼ਕ ਦੇ ਬਾਹਰਵਾਰ ਸਥਿਤ ਇਕ ਖੋਜ ਕੇਂਦਰ ਅਤੇ ਸਈਦਾ ਜ਼ੈਨਬ ਇਲਾਕੇ ਵਿਚ ਇਕ ਇਲੈਕਟ੍ਰਾਨਿਕ ਯੁੱਧ ਕੇਂਦਰ ‘ਤੇ ਵੀ ਹਮਲਾ ਕੀਤਾ ਗਿਆ ਹੈ।
ਸਾਰੇ ਰਣਨੀਤਕ ਹਥਿਆਰਾਂ ਨੂੰ ਨਸ਼ਟ ਕਰ ਦੇਵੇਗਾ: ਇਜ਼ਰਾਈਲ
ਇਜ਼ਰਾਈਲੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਈਲ ਸੀਰੀਆ ਦੇ ਉੱਨਤ ਹਥਿਆਰਾਂ ਦੇ ਭੰਡਾਰਾਂ ‘ਤੇ ਹਵਾਈ ਹਮਲੇ ਵਧਾਏਗਾ ਅਤੇ ਬਸ਼ਰ ਅਲ-ਅਸਦ ਦੇ ਤਖਤਾਪਲਟ ਤੋਂ ਬਾਅਦ ਪੈਦਾ ਹੋਣ ਵਾਲੇ ਕਿਸੇ ਵੀ ਖਤਰੇ ਨੂੰ ਰੋਕਣ ਲਈ ਜ਼ਮੀਨ ‘ਤੇ ਸੀਮਤ ਫੌਜੀ ਮੌਜੂਦਗੀ ਬਣਾਏਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਦਫ਼ਤਰ ਵਿੱਚ ਦੇਰ ਰਾਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਸੀਂ ਸੀਰੀਆ ਵਿੱਚ ਨਵੀਂ ਸਥਿਤੀ ਤੋਂ ਬਾਅਦ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕਾਂਗੇ।
ਇਜ਼ਰਾਈਲ ਮਿਜ਼ਾਈਲਾਂ ਨੂੰ ਨਸ਼ਟ ਕਰ ਦੇਵੇਗਾ
ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਫੌਜ ਪੂਰੇ ਸੀਰੀਆ ਵਿੱਚ ਭਾਰੀ ਰਣਨੀਤਕ ਹਥਿਆਰਾਂ ਨੂੰ ਨਸ਼ਟ ਕਰੇਗੀ। ਜ਼ਮੀਨ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਹਵਾਈ ਰੱਖਿਆ ਪ੍ਰਣਾਲੀਆਂ, ਸਤ੍ਹਾ ਤੋਂ ਸਤ੍ਹਾ ‘ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ, ਲੰਬੀ ਦੂਰੀ ਦੇ ਰਾਕੇਟ ਅਤੇ ਤੱਟਵਰਤੀ ਮਿਜ਼ਾਈਲਾਂ ਨੂੰ ਵੀ ਨਸ਼ਟ ਕੀਤਾ ਜਾਵੇਗਾ। ਇਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਹਵਾਈ ਹਮਲੇ ਜਾਰੀ ਰਹਿਣਗੇ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਅਨ ਸਾਰ ਨੇ ਕਿਹਾ ਕਿ ਇਜ਼ਰਾਈਲ ਨੂੰ ਸੀਰੀਆ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਹੈ ਅਤੇ ਉਹ ਸਿਰਫ਼ ਆਪਣੇ ਨਾਗਰਿਕਾਂ ਦੀ ਸੁਰੱਖਿਆ ਨਾਲ ਚਿੰਤਤ ਹੈ।