ਬੰਗਲਾਦੇਸ਼ ਵਿਚ ਹੋ ਰਹੀਆਂ ਹਿੰਸਕ ਘਟਵਾਨਾਂ ਅਤੇ ਹੰਗਾਮੇ ਵਿਚਕਾਰ ਸ਼ੇਖ ਹਸੀਨਾ ਦੇ ਭਰੋਸੇਮੰਦ ਕਈ ਮੰਤਰੀ ਦੇਸ਼ ਛੱਡ ਚੁੱਕੇ ਹਨ ਅਤੇ ਕਈ ਦੇਸ਼ ਨੂੰ ਛੱਡਣ ਦੀ ਯੋਜਨਾ ਬਣਾ ਰਹੇ ਹਨ। ਅਵਾਮੀ ਲੀਗ ਸਰਕਾਰ ‘ਚ ਡਾਕ, ਦੂਰਸੰਚਾਰ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਰਹੇ ਜੁਨੈਦ ਅਹਿਮਦ ਪਲਕ ਨੂੰ ਮੰਗਲਵਾਰ ਨੂੰ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ‘ਚ ਲਿਆ ਗਿਆ।
ਹਸੀਨਾ ਦੇ ਕਈ ਪ੍ਰਮੁੱਖ ਨੇਤਾਵਾਂ ਨੇ ਛੱਡਿਆ ਦੇਸ਼
ਢਾਕਾ ਟ੍ਰਿਬਿਊਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੁਨੈਦ ਅਹਿਮਦ ਪਲਕ ਨਵੀਂ ਦਿੱਲੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਦੋਂ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਸਾਬਕਾ ਮੰਤਰੀ ‘ਤੇ ਫੜ ਲਿਆ। ਇਸ ਤੋਂ ਪਹਿਲਾਂ ਦੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹਸੀਨਾ ਦੀ ਅਵਾਮੀ ਲੀਗ ਦੇ ਕਈ ਪ੍ਰਮੁੱਖ ਨੇਤਾਵਾਂ ਅਤੇ ਸੰਸਦ ਮੈਂਬਰਾਂ ਅਤੇ ਕੈਬਨਿਟ ਮੰਤਰੀਆਂ ਨੇ ਉਨ੍ਹਾਂ ਦੇ ਬੰਗਲਾਦੇਸ਼ ਛੱਡਣ ਤੋਂ ਪਹਿਲਾਂ ਹੀ ਦੇਸ਼ ਛੱਡ ਦਿੱਤਾ ਸੀ। ਅਵਾਮੀ ਲੀਗ ਦੇ ਜਨਰਲ ਸਕੱਤਰ ਅਤੇ ਸੜਕ ਆਵਾਜਾਈ ਅਤੇ ਪੁਲ ਮੰਤਰੀ ਓਬੈਦੁਲ ਕਾਦਿਰ ਐਤਵਾਰ ਰਾਤ ਨੂੰ ਦੇਸ਼ ਛੱਡ ਗਏ। ਸਾਬਕਾ ਕਾਨੂੰਨ ਮੰਤਰੀ ਅਨੀਸੁਲ ਹੱਕ ਹਸੀਨਾ ਦੇ ਅਸਤੀਫੇ ਤੋਂ ਪਹਿਲਾਂ ਦੇਸ਼ ਛੱਡ ਕੇ ਕਿਸੇ ਅਣਦੱਸੀ ਥਾਂ ‘ਤੇ ਚਲੇ ਗਏ ਸਨ।
ਹਸੀਨਾ ਦਾ ਭਤੀਜਾ ਸ਼ੇਖ ਫਜ਼ਲੇ ਸਿੰਗਾਪੁਰ ਲਈ ਰਵਾਨਾ ਹੋਇਆ
ਸ਼ੇਖ ਹਸੀਨਾ ਦੇ ਨਿੱਜੀ ਉਦਯੋਗ ਅਤੇ ਨਿਵੇਸ਼ ਸਲਾਹਕਾਰ ਅਤੇ ਸੰਸਦ ਮੈਂਬਰ ਸਲਮਾਨ ਐੱਫ ਰਹਿਮਾਨ ਵੀ ਐਤਵਾਰ ਰਾਤ ਨੂੰ ਦੇਸ਼ ਛੱਡ ਕੇ ਭੱਜ ਗਏ ਸਨ। ਢਾਕਾ ਸਾਊਥ ਸਿਟੀ ਕਾਰਪੋਰੇਸ਼ਨ ਦੇ ਮੇਅਰ ਅਤੇ ਹਸੀਨਾ ਦੇ ਭਤੀਜੇ ਸ਼ੇਖ ਫਜ਼ਲੇ ਨੂਰ ਤਾਪੋਸ਼ ਸ਼ਨੀਵਾਰ ਸਵੇਰੇ ਢਾਕਾ ਤੋਂ ਬਿਮਨ ਦੀ ਫਲਾਈਟ ਤੋਂ ਰਵਾਨਾ ਹੋਏ ਅਤੇ ਹਵਾਬਾਜ਼ੀ ਸੂਤਰਾਂ ਨੇ ਦੱਸਿਆ ਕਿ ਉਹ ਸਿੰਗਾਪੁਰ ਜਾਣ ਵਾਲੀ ਫਲਾਈਟ ‘ਚ ਸਵਾਰ ਹੋਏ। ਵਿਵਾਦਤ ਵਿਧਾਇਕ ਸ਼ਮੀਮ ਉਸਮਾਨ ਵੀ ਪਿਛਲੇ ਹਫ਼ਤੇ ਦੇਸ਼ ਛੱਡ ਕੇ ਭੱਜ ਗਏ ਸਨ। ਸਾਬਕਾ ਸਿੱਖਿਆ ਮੰਤਰੀ ਮੋਹੀਬੁਲ ਹਸਨ ਚੌਧਰੀ ਅਤੇ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਸਹਿਕਾਰਤਾ ਮੰਤਰੀ ਮੁਹੰਮਦ ਤਾਜੁਲ ਇਸਲਾਮ ਵੀ ਦੇਸ਼ ਛੱਡ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਸਾਬਕਾ ਵਿੱਤ ਮੰਤਰੀ ਅਬੁਲ ਹਸਨ ਮਹਿਮੂਦ ਅਲੀ ਅਤੇ ਖੇਡ ਮੰਤਰੀ ਨਜ਼ਮੁਲ ਹਸਨ ਪਾਪੋਨ ਵੀ ਦੇਸ਼ ਛੱਡ ਚੁੱਕੇ ਹਨ। ਇਸ ਤੋਂ ਇਲਾਵਾ ਮੁਨਸ਼ੀਗੰਜ-3 ਦੇ ਸਾਬਕਾ ਸੰਸਦ ਮੈਂਬਰ ਮ੍ਰਿਣਾਲ ਕਾਂਤੀ ਦਾਸ ਅਤੇ ਸੁਪਰੀਮ ਕੋਰਟ ਦੇ ਜੱਜ ਮੁਹੰਮਦ ਬਦਰੂਜ਼ਮਾਨ ਦੇ ਦੇਸ਼ ਛੱਡਣ ਦੀ ਖ਼ਬਰ ਹੈ।
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ (ਐਸਸੀਬੀਏ) ਦੇ ਪ੍ਰਧਾਨ ਏਐਮ ਮਹਿਬੂਬ ਉਦੀਨ ਖੋਕਨ ਨੇ ਭਾਰਤ ਨੂੰ ਹਸੀਨਾ ਅਤੇ ਉਸਦੀ ਭੈਣ ਸ਼ੇਖ ਰੇਹਾਨਾ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਵਾਪਸ ਭੇਜਣ ਦੀ ਮੰਗ ਕੀਤੀ ਹੈ।