ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਲੱਗਦੀ ਆਪਣੀ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਐਲਾਨ ਕੀਤਾ ਹੈ। ਤਾਨਾਸ਼ਾਹ ਕਿਮ ਜੋਂਗ ਦੀ ਫੌਜ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੱਖਣੀ ਕੋਰੀਆ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਅਤੇ ਰੇਲਵੇ ਲਾਈਨਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਕਿਲਾਬੰਦੀ ਕੀਤੀ ਜਾਵੇਗੀ। ਉੱਤਰੀ ਕੋਰੀਆ ਦੇ ਮੀਡੀਆ ਹਾਊਸ ਕੇਸੀਐਨਏ ਮੁਤਾਬਕ ਕੋਰੀਆਈ ਪੀਪਲਜ਼ ਆਰਮੀ ਨੇ ਕਿਹਾ ਹੈ ਕਿ ਇਹ ਫੈਸਲਾ ਦੱਖਣੀ ਕੋਰੀਆ ਅਤੇ ਅਮਰੀਕਾ ਦੇ ਜੰਗੀ ਅਭਿਆਸਾਂ ਨੂੰ ਦੇਖਣ ਤੋਂ ਬਾਅਦ ਲਿਆ ਗਿਆ ਹੈ। ਦਰਅਸਲ, ਪਿਛਲੇ ਇੱਕ ਸਾਲ ਵਿੱਚ ਅਮਰੀਕਾ ਨੇ ਕੋਰੀਆਈ ਪ੍ਰਾਇਦੀਪ ਵਿੱਚ ਆਪਣੇ ਏਅਰਕ੍ਰਾਫਟ ਕੈਰੀਅਰ, ਮਿਲਟਰੀ ਜਹਾਜ, ਲੰਬੀ ਰੇਂਜ ਦੇ ਬੰਬਾਰ ਅਤੇ ਪਣਡੁੱਬੀਆਂ ਭੇਜੀਆਂ ਹਨ, ਜਿਸ ਕਾਰਨ ਉੱਤਰੀ ਕੋਰੀਆ ਨਾਰਾਜ਼ ਹੈ।
ਉੱਤਰੀ ਕੋਰੀਆ ਜਨਵਰੀ ਤੋਂ ਸਰਹੱਦ ਬੰਦ ਕਰਨ ਦੀ ਕਰ ਰਿਹਾ ਤਿਆਰੀ
ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਅਮਰੀਕਾ ਦੀ ਅਗਵਾਈ ਵਾਲੀ ਸੰਯੁਕਤ ਰਾਸ਼ਟਰ ਕਮਾਂਡ ਫੋਰਸ ਨੂੰ ਸੂਚਿਤ ਕਰ ਦਿੱਤਾ ਹੈ, ਤਾਂ ਜੋ ਖੇਤਰ ‘ਚ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਨਾ ਹੋਵੇ। ਇਹ ਫੋਰਸ ਉੱਤਰੀ-ਦੱਖਣੀ ਕੋਰੀਆ ਦੇ ਵਿਚਕਾਰ ਡੀਮਿਲੀਟਰਾਈਜ਼ਡ ਜ਼ੋਨ (DMZ) ਦਾ ਪ੍ਰਬੰਧਨ ਕਰਦੀ ਹੈ।
ਇਸ ਤੋਂ ਪਹਿਲਾਂ ਦੱਖਣੀ ਕੋਰੀਆ ਦੀ ਫੌਜ ਨੇ ਦੱਸਿਆ ਸੀ ਕਿ ਕਿਮ ਜੋਂਗ ਦੀ ਫੌਜ ਜਨਵਰੀ ਤੋਂ ਸਰਹੱਦ ‘ਤੇ ਬਾਰੂਦੀ ਸੁਰੰਗਾਂ ਵਿਛਾ ਰਹੀ ਹੈ। ਇਸ ਤੋਂ ਇਲਾਵਾ ਐਂਟੀ-ਟੈਂਕ ਟਰੈਪ ਵੀ ਲਗਾਏ ਗਏ ਹਨ ਅਤੇ ਜ਼ਿਆਦਾਤਰ ਰੇਲਵੇ ਬੁਨਿਆਦੀ ਢਾਂਚੇ ਨੂੰ ਹਟਾ ਦਿੱਤਾ ਗਿਆ ਹੈ। ਜੂਨ ਵਿੱਚ, ਸਰਹੱਦ ‘ਤੇ ਫੌਜੀ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਕੰਮ ਕਰ ਰਹੇ ਕਈ ਸੈਨਿਕ ਬਾਰੂਦੀ ਸੁਰੰਗ ਦੇ ਧਮਾਕੇ ਵਿੱਚ ਮਾਰੇ ਗਏ ਸਨ।
ਉੱਤਰੀ ਕੋਰੀਆ ਦੇ ਇਸ ਫੈਸਲੇ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦਾ ਖਤਰਾ ਵੱਧ ਗਿਆ ਹੈ। ਉੱਤਰੀ ਅਤੇ ਦੱਖਣੀ ਕੋਰੀਆ ਇਸ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ 1950-53 ਦਰਮਿਆਨ ਜੰਗ ਲੜ ਚੁੱਕੇ ਹਨ।