ਪੇਜਰ-ਵਾਕੀ ਟਾਕੀ ਧਮਾਕਾ, ਲੇਬਨਾਨ ‘ਚ ਹੁਣ ਤੱਕ 32 ਮੌਤਾਂ, 3500 ਤੋਂ ਵੱਧ ਜ਼ਖਮੀ, ਸੋਲਰ ਸਿਸਟਮ ਤੋਂ ਵੀ ਧਮਾਕੇ

ਲੇਬਨਾਨ ਦੀ ਰਾਜਧਾਨੀ ਬੇਰੂਤ ਸਮੇਤ ਕਈ ਸ਼ਹਿਰਾਂ ‘ਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਧਮਾਕੇ ਹੋਏ। ਇਸ ਵਾਰ ਧਮਾਕੇ ਲਈ ਵਾਕੀ-ਟਾਕੀ ਦੀ ਵਰਤੋਂ ਕੀਤੀ ਗਈ। ਘੱਟੋ-ਘੱਟ 20 ਲੋਕ ਮਾਰੇ ਗਏ ਅਤੇ 450 ਤੋਂ ਵੱਧ ਜ਼ਖਮੀ ਹੋ ਗਏ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਸ ਤੋਂ ਇੱਕ ਦਿਨ ਪਹਿਲਾਂ 17 ਸਤੰਬਰ ਨੂੰ ਹਜ਼ਾਰਾਂ ਪੇਜਰ ਧਮਾਕੇ ਵਿੱਚ ਘੱਟੋ-ਘੱਟ 12 ਲੋਕ ਮਾਰੇ ਗਏ ਸਨ ਅਤੇ 2800 ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਇਸ ਤਰ੍ਹਾਂ 2 ਦਿਨਾਂ ‘ਚ ਲੇਬਨਾਨ ‘ਚ 32 ਲੋਕਾਂ ਦੀ ਜਾਨ ਚਲੀ ਗਈ। ਲੇਬਨਾਨ ਵਿੱਚ ਈਰਾਨ-ਸਮਰਥਿਤ ਸੰਗਠਨ ਹਿਜ਼ਬੁੱਲਾ ਦੇ ਲੜਾਕੇ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਪੇਜ਼ਰ ਅਤੇ ਵਾਕੀ-ਟਾਕੀਜ਼ ਦੀ ਵਰਤੋਂ ਕਰਦੇ ਹਨ। ਹਿਜ਼ਬੁੱਲਾ ਨੇ ਇਨ੍ਹਾਂ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ‘ਤੇ ਹੰਗਾਮੀ ਬੈਠਕ ਬੁਲਾਈ ਹੈ।

ਈਰਾਨ ‘ਤੇ ਜਵਾਬੀ ਹਮਲੇ ਲਈ ਦਬਾਅ ਵਧ ਰਿਹਾ ਹੈ

ਇਜ਼ਰਾਈਲ ਦੇ ਇਸ ਹਮਲਾਵਰ ਰਵੱਈਏ ਨੇ ਪੱਛਮੀ ਏਸ਼ੀਆ ਵਿੱਚ ਈਰਾਨ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚਾਈ ਹੈ। ਇਜ਼ਰਾਈਲ ਨੇ ਲੇਬਨਾਨ ਦੇ ਈਰਾਨ ਪੱਖੀ ਹਿਜ਼ਬੁੱਲਾ ਨੂੰ ਨਿਸ਼ਾਨਾ ਬਣਾਇਆ ਹੈ। ਅਜਿਹਾ ਕਰਕੇ ਇਜ਼ਰਾਈਲ ਹੁਣ ਈਰਾਨ ਨੂੰ ਭੜਕਾ ਰਿਹਾ ਹੈ, ਜਿਸ ਨਾਲ ਈਰਾਨ ਜਵਾਬ ਦੇਣ ਲਈ ਮਜਬੂਰ ਹੋਵੇਗਾ। ਹਿਜ਼ਬੁੱਲਾ ਦਾ ਪੂਰਾ ਨੈੱਟਵਰਕ ਈਰਾਨ ਦੇ ਸਮਰਥਨ ਨਾਲ ਚੱਲਦਾ ਹੈ। ਹਿਜ਼ਬੁੱਲਾ ਨੇ ਕਿਹਾ ਕਿ ਉਹ ਬਦਲਾ ਲੈਣਗੇ ਅਤੇ ਇਜ਼ਰਾਈਲ ਨੂੰ ਅਨੋਖੀ ਸਜ਼ਾ ਦੇਣਗੇ।

ਬੇਰੂਤ ਵਿੱਚ ਸੋਲਰ ਸਿਸਟਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ

ਬੇਰੂਤ ਸਮੇਤ ਕਈ ਸ਼ਹਿਰਾਂ ਵਿੱਚ ਘਰਾਂ ਦੇ ਸੋਲਰ ਸਿਸਟਮ ਵਿੱਚ ਵੀ ਧਮਾਕੇ ਹੋਏ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੁਪਹਿਰ ਅਚਾਨਕ ਹੋਏ ਇਨ੍ਹਾਂ ਧਮਾਕਿਆਂ ਤੋਂ ਬਾਅਦ ਲੋਕ ਡਰ ਗਏ ਅਤੇ ਸੜਕਾਂ ‘ਤੇ ਇਕੱਠੇ ਹੋ ਗਏ। ਲੇਬਨਾਨ ਦੇ ਸ਼ਹਿਰ ਟਾਇਰ ਵਿੱਚ ਸੋਲਰ ਸਿਸਟਮ ਵਿੱਚ ਧਮਾਕਾ ਹੋਣ ਕਾਰਨ ਇੱਕ ਪਰਿਵਾਰ ਦੇ ਪੰਜ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਲੇਬਨਾਨੀ ਸਰਕਾਰ ਨੇ ਸਿਵਲ ਡਿਫੈਂਸ ਦੇ ਮੈਂਬਰਾਂ ਨੂੰ ਸੜਕਾਂ ‘ਤੇ ਉਤਾਰ ਦਿੱਤਾ ਹੈ। ਧਮਾਕਿਆਂ ਨਾਲ ਨੁਕਸਾਨੇ ਗਏ ਘਰਾਂ ਤੋਂ ਲੋਕਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ।

ਵਾਕੀ ਟਾਕੀ ਬਣਾਉਣ ਵਾਲੀ ਜਾਪਾਨੀ ਕੰਪਨੀ ਨੇ ਜਾਂਚ ਸ਼ੁਰੂ

ਫਟਣ ਵਾਲੀ ਵਾਕੀ ਟਾਕੀਜ਼ ਉੱਤੇ ICOM V 82 ਲਿਖਿਆ ਹੋਇਆ ਹੈ, ਜੋ ਕਿ ਜਾਪਾਨ ਵਿੱਚ ਬਣਿਆ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ Icom Inc. ਨੇ ਕਿਹਾ ਕਿ ਉਹ ਇਸ ਦਾਅਵੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਸਪੱਸ਼ਟ ਜਾਣਕਾਰੀ ਮਿਲੇਗੀ, ਉਹ ਇਸ ਬਾਰੇ ਜਾਣਕਾਰੀ ਦੇਣਗੇ।

Exit mobile version