Lahore’s pollution: ਭਿਆਨਕ ਪ੍ਰਦੂਸ਼ਣ ਨਾਲ ਜੂਝ ਰਹੇ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਦਾ ਜ਼ਹਿਰੀਲਾ ਧੂੰਆਂ ਹੁਣ ਪੁਲਾੜ ਤੋਂ ਵੀ ਨਜ਼ਰ ਆ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਲਈਆਂ ਗਈਆਂ ਸੈਟੇਲਾਈਟ ਫੋਟੋਆਂ ਵਿੱਚ ਇਹ ਸਥਿਤੀ ਦੇਖੀ ਗਈ ਹੈ। ਪਾਕਿਸਤਾਨ ਦੇ ਮੁਲਤਾਨ ਅਤੇ ਇਸਲਾਮਾਬਾਦ ਵਰਗੇ ਕਈ ਸ਼ਹਿਰਾਂ ਨੂੰ ਧੂੰਏਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਕੱਲੇ ਪੰਜਾਬ ਵਿਚ ਹੀ ਪਿਛਲੇ ਇਕ ਮਹੀਨੇ ਵਿਚ 18 ਲੱਖ ਲੋਕ ਬਿਮਾਰ ਹੋਏ ਹਨ। ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੇ ਪੰਜਾਬ ਵਿੱਚ ਸਕੂਲ ਪੰਜ ਦਿਨ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪ੍ਰਦੂਸ਼ਣ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ, ਪਾਕਿਸਤਾਨ ਦੇ ਹਵਾ ਗੁਣਵੱਤਾ ਮਾਹਰਾਂ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਲਾਹੌਰ ਅਤੇ ਮੁਲਤਾਨ ‘ਚ ਕਾਲੇ ਧੂੰਏਂ ਦੀ ਚਾਦਰ
ਲਾਹੌਰ ਅਤੇ ਮੁਲਤਾਨ ਕਾਲੇ ਧੂੰਏਂ ਦੀ ਚਾਦਰ ਵਿੱਚ ਲਪੇਟੇ ਹੋਏ ਹਨ। ਸ਼ਹਿਰ ਦੀਆਂ ਸੜਕਾਂ ਢੱਕੀਆਂ ਹੋਈਆਂ ਹਨ ਅਤੇ ਇਮਾਰਤਾਂ ਵੀ ਨਜ਼ਰ ਨਹੀਂ ਆ ਰਹੀਆਂ। ਸਵਿਸ ਏਅਰ ਕੁਆਲਿਟੀ ਟੈਕਨਾਲੋਜੀ ਕੰਪਨੀ Accuair ਦੇ ਅਨੁਸਾਰ, ਲਾਹੌਰ ਮੰਗਲਵਾਰ ਨੂੰ ਵੀ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਰਿਹਾ। ਮੰਗਲਵਾਰ ਦੁਪਹਿਰ ਨੂੰ ਲਾਹੌਰ ਦਾ ਏਅਰ ਕੁਆਲਿਟੀ ਇੰਡੈਕਸ (AQI) 429 ‘ਤੇ ਰਿਹਾ। ਸ਼ਹਿਰ ਦੇ ਇੱਕ ਖੇਤਰ ਦਾ AQI 720 ਪਾਇਆ ਗਿਆ।
ਯੂਨੀਸੈਫ ਦੀ ਚਿਤਾਵਨੀ
ਯੂਨੀਸੈਫ ਨੇ ਪਾਕਿਸਤਾਨ ‘ਚ ਹਵਾ ਦੀ ਖਰਾਬ ਗੁਣਵੱਤਾ ਨੂੰ ਦੇਖਦੇ ਹੋਏ ਚਿਤਾਵਨੀ ਦਿੱਤੀ ਹੈ। ਯੂਨੀਸੈਫ ਨੇ ਕਿਹਾ ਹੈ ਕਿ ਪੰਜਾਬ ਦੀ ਅਤਿ ਪ੍ਰਦੂਸ਼ਤ ਹਵਾ ਪੰਜ ਸਾਲ ਤੋਂ ਘੱਟ ਉਮਰ ਦੇ 11 ਮਿਲੀਅਨ ਤੋਂ ਵੱਧ ਬੱਚਿਆਂ ਸਮੇਤ ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਾ ਪੈਦਾ ਕਰ ਰਹੀ ਹੈ। ਪ੍ਰਭਾਵਿਤ ਸ਼ਹਿਰਾਂ ‘ਚ ਦਰਜਨਾਂ ਬੱਚਿਆਂ ਸਮੇਤ ਸੈਂਕੜੇ ਲੋਕ ਹਸਪਤਾਲ ‘ਚ ਭਰਤੀ ਹਨ।