ਸੀਰੀਆ ਦੀ ਅੰਤਰਿਮ ਸਰਕਾਰ ਦੇ ਪ੍ਰਧਾਨ ਮੰਤਰੀ ਮੁਹੰਮਦ ਅਲ-ਬਸ਼ੀਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼ ਉਨ੍ਹਾਂ ਲੱਖਾਂ ਸੀਰੀਆਈ ਲੋਕਾਂ ਨੂੰ ਵਾਪਸ ਲਿਆਉਣਾ ਹੈ ਜੋ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀਆਂ ਵਜੋਂ ਮੁਸ਼ਕਲ ਜ਼ਿੰਦਗੀ ਜੀਅ ਰਹੇ ਹਨ। ਨਾਲ ਹੀ, ਸਾਰੇ ਨਾਗਰਿਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ। ਪਰ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਦੇਸ਼ ਦੇ ਖ਼ਜ਼ਾਨੇ ਵਿੱਚ ਕੋਈ ਵਿਦੇਸ਼ੀ ਕਰੰਸੀ ਨਹੀਂ ਹੈ।
ਸੀਰੀਆ ਦੀ ਆਰਥਿਕ ਸਥਿਤੀ ਖਰਾਬ
ਸੀਰੀਆ ਦੇ ਖਜ਼ਾਨੇ ਵਿੱਚ ਸਿਰਫ਼ ਸੀਰੀਆਈ ਪੌਂਡ (ਸੀਰੀਅਨ ਕਰੰਸੀ) ਹਨ ਜਦੋਂਕਿ ਦੇਸ਼ ਵਿੱਚ ਇੱਕ ਅਮਰੀਕੀ ਡਾਲਰ ਦੀ ਕੀਮਤ 35 ਹਜ਼ਾਰ ਸੀਰੀਆਈ ਪੌਂਡ ਹੈ। ਦੇਸ਼ ਦੀ ਆਰਥਿਕ ਹਾਲਤ ਮਾੜੀ ਹੈ। ਬਸ਼ੀਰ ਨੇ ਇਕ ਇਤਾਲਵੀ ਅਖਬਾਰ ਨੂੰ ਦਿੱਤੇ ਇੰਟਰਵਿਊ ‘ਚ ਇਹ ਗੱਲ ਕਹੀ। ਜਦਕਿ ਹਯਾਤ ਤਹਿਰੀਰ ਅਲ-ਸ਼ਾਮ (ਐੱਚ.ਟੀ.ਐੱਸ.) ਦੇ ਨੇਤਾ ਅਬੂ ਮੁਹੰਮਦ ਅਲ-ਗੋਲਾਨੀ ਨੇ ਕਿਹਾ ਹੈ ਕਿ ਸੀਰੀਆ ‘ਚ ਬਸ਼ਰ ਅਲ-ਅਸਦ ਦੇ ਸ਼ਾਸਨ ਦੌਰਾਨ ਬੇਗੁਨਾਹਾਂ ਦੀ ਹੱਤਿਆ ਅਤੇ ਤਸ਼ੱਦਦ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਅਜਿਹੇ ਲੋਕਾਂ ਨੂੰ ਸਜ਼ਾ ਜ਼ਰੂਰ ਮਿਲੇਗੀ।
ਇਸ ਦੌਰਾਨ, ਅਮਰੀਕੀ ਅਧਿਕਾਰੀਆਂ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਕਬਜ਼ਾ ਕਰਨ ਵਾਲੇ ਸੰਗਠਨ ਐਚਟੀਐਸ ਨਾਲ ਸੰਪਰਕ ਸਥਾਪਿਤ ਕੀਤਾ ਹੈ ਅਤੇ ਅੰਤਰਿਮ ਸਰਕਾਰ ਨੂੰ ਪ੍ਰਕਿਰਿਆਤਮਕ ਢੰਗ ਨਾਲ ਚਲਾਉਣ ਦੀ ਬੇਨਤੀ ਕੀਤੀ ਹੈ।
ਅਮਰੀਕਾ ਦੀ ਅੱਤਵਾਦੀ ਸੰਗਠਨਾਂ ਦੀ ਸੂਚੀ ‘ਚ HTS ਦਾ ਨਾਂ
ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਨਵੀਂ ਸਰਕਾਰ ਨੂੰ ਘੱਟ ਗਿਣਤੀਆਂ ਦੇ ਅਧਿਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਲੋੜਵੰਦਾਂ ਲਈ ਮਨੁੱਖੀ ਸਹਾਇਤਾ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ ਅਤੇ ਸੀਰੀਆ ਨੂੰ ਅੱਤਵਾਦੀਆਂ ਦਾ ਅੱਡਾ ਬਣਨ ਜਾਂ ਉਨ੍ਹਾਂ ਦੇ ਖਤਰੇ ਤੋਂ ਬਚਾਉਣਾ ਚਾਹੀਦਾ ਹੈ। ਹਾਲਾਂਕਿ, ਐਚਟੀਐਸ ਪਿਛਲੇ ਸਮੇਂ ਵਿੱਚ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਵੀ ਜੁੜਿਆ ਰਿਹਾ ਹੈ। ਐਚਟੀਐਸ ਦਾ ਨਾਂ ਅਮਰੀਕਾ ਦੀ ਅੱਤਵਾਦੀ ਸੰਗਠਨਾਂ ਦੀ ਸੂਚੀ ਵਿੱਚ ਵੀ ਹੈ।