ਯੂਕਰੇਨ ਦੀ ਫੌਜ ਰੂਸ ਦੇ ਅੰਦਰ ਪਹੁੰਚੀ, ਪੁਤਿਨ ਨੇ ਕੀਤਾ ਮਿਜ਼ਾਈਲਾਂ ਨਾਲ ਹਮਲਾ

ਰੂਸ ਨੇ ਸੋਮਵਾਰ ਸਵੇਰੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਇਕ ਵਾਰ ਫਿਰ ਵੱਡਾ ਹਵਾਈ ਹਮਲਾ ਕੀਤਾ। ਕੀਵ ਵਿੱਚ ਨਾਗਰਿਕ ਸੁਵਿਧਾਵਾਂ ਅਤੇ ਘਰਾਂ ਨੂੰ ਵੱਡੀ ਗਿਣਤੀ ਵਿੱਚ ਮਿਜ਼ਾਈਲਾਂ ਦਾਗਣ ਨਾਲ ਨੁਕਸਾਨ ਪਹੁੰਚਿਆ। ਇਸ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸੀ ਫੌਜ ਯੂਕਰੇਨ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਰੂਸੀ ਬਲ ਪੂਰਬੀ ਯੂਕਰੇਨ ਵਿੱਚ ਹਰ ਰੋਜ਼ ਕਈ ਵਰਗ ਕਿਲੋਮੀਟਰ ਖੇਤਰ ਉੱਤੇ ਕਬਜ਼ਾ ਕਰ ਰਹੇ ਹਨ। ਪੋਕਰੋਵਸਕ ਦਾ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸ਼ਹਿਰ ਕਬਜ਼ੇ ਤੋਂ ਕੁਝ ਕਿਲੋਮੀਟਰ ਦੂਰ ਹੈ। ਪੁਤਿਨ ਨੇ ਇਕ ਸੈਕੰਡਰੀ ਸਕੂਲ ‘ਚ ਆਯੋਜਿਤ ਪ੍ਰੋਗਰਾਮ ‘ਚ ਇਹ ਗੱਲ ਕਹੀ।

ਯੂਕਰੇਨ ਦੇ 18 ਫੀਸਦੀ ਹਿੱਸੇ ‘ਤੇ ਰੂਸ ਦਾ ਕਬਜ਼ਾ

ਦੱਸ ਦਈਏ ਕਿ ਢਾਈ ਸਾਲ ਦੀ ਜੰਗ ‘ਚ ਰੂਸ ਨੇ ਯੂਕਰੇਨ ਦੀ 18 ਫੀਸਦੀ ਤੋਂ ਜ਼ਿਆਦਾ ਜ਼ਮੀਨ ‘ਤੇ ਕਬਜ਼ਾ ਕਰ ਲਿਆ ਹੈ। ਯੂਕਰੇਨ ਦੀ ਹਵਾਈ ਸੈਨਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ 35 ਵਿੱਚੋਂ 22 ਰੂਸੀ ਮਿਜ਼ਾਈਲਾਂ ਅਤੇ 23 ਵਿੱਚੋਂ 20 ਅਟੈਕ ਡਰੋਨ ਅਸਮਾਨ ਵਿੱਚ ਤਬਾਹ ਕਰ ਦਿੱਤੇ ਹਨ। ਪਹਿਲਾਂ ਵਾਂਗ ਇਸ ਵਾਰ ਵੀ ਰੂਸ ਨੇ ਹਮਲੇ ਵਿੱਚ ਕਈ ਤਰ੍ਹਾਂ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਸ਼ਾਮਲ ਸਨ।

ਜਲ ਸਪਲਾਈ ਕੇਂਦਰ ਅਤੇ ਮੈਟਰੋ ਸਟੇਸ਼ਨ ਨੂੰ ਨੁਕਸਾਨ

ਇਸ ਹਮਲੇ ਵਿੱਚ ਕੀਵ ਦੇ ਜਲ ਸਪਲਾਈ ਕੇਂਦਰ ਅਤੇ ਇੱਕ ਮੈਟਰੋ ਸਟੇਸ਼ਨ ਨੂੰ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਕਈ ਇਲਾਕਿਆਂ ਦੀ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ। ਰੂਸੀ ਹਮਲਿਆਂ ਤੋਂ ਬਚਣ ਲਈ ਕਈ ਲੋਕ ਹਮਲੇ ਦਾ ਸ਼ਿਕਾਰ ਹੋਏ ਮੈਟਰੋ ਸਟੇਸ਼ਨ ਨਾਲ ਜੁੜੀ ਸੁਰੰਗ ਵਿੱਚ ਲੁਕ ਜਾਂਦੇ ਸਨ। ਕੀਵ ਹਵਾਈ ਅੱਡਾ ਅਤੇ ਸੋਲੋਮਿੰਸਕੀ ਰੇਲਵੇ ਸਟੇਸ਼ਨ ਵੀ ਰੂਸੀ ਹਮਲੇ ਦੀ ਲਪੇਟ ਵਿਚ ਆ ਗਏ ਹਨ।

ਜ਼ੇਲੇਨਸਕੀ ਨੇ ਹਥਿਆਰ ਮੰਗੇ

ਖਾਰਕਿਵ ਵਿਚ ਇਕ ਸ਼ਾਪਿੰਗ ਮਾਲ ਅਤੇ ਖੇਡ ਕੇਂਦਰ ‘ਤੇ ਮਿਜ਼ਾਈਲ ਹਮਲਿਆਂ ਵਿਚ 47 ਲੋਕ ਜ਼ਖਮੀ ਹੋ ਗਏ ਹਨ। ਪਿਛਲੇ ਸੱਤ ਦਿਨਾਂ ਵਿੱਚ ਯੂਕਰੇਨ ਉੱਤੇ ਰੂਸ ਦਾ ਇਹ ਚੌਥਾ ਵੱਡਾ ਹਮਲਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਸਹਿਯੋਗੀ ਦੇਸ਼ਾਂ ਨੂੰ ਰੂਸੀ ਹਮਲਿਆਂ ਦਾ ਜਵਾਬ ਦੇਣ ਲਈ ਲੰਬੀ ਦੂਰੀ ਦੇ ਹਥਿਆਰਾਂ ਦੀ ਮੰਗ ਕੀਤੀ ਹੈ।

Exit mobile version