ਜੰਮੂ-ਕਸ਼ਮੀਰ ‘ਚ ਇਕ ਹੋਰ ਅੱਤਵਾਦੀ ਹਮਲਾ ਹੋਇਆ ਹੈ। ਇਸ ਵਾਰ ਅੱਤਵਾਦੀਆਂ ਨੇ ਪੁਲਵਾਮਾ ‘ਚ ਗੈਰ-ਕਸ਼ਮੀਰੀ ਨੂੰ ਨਿਸ਼ਾਨਾ ਬਣਾਇਆ ਹੈ। ਗੋਲੀ ਲੱਗਣ ਨਾਲ ਮਜ਼ਦੂਰ ਜ਼ਖ਼ਮੀ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸਮਾਚਾਰ ਏਜੰਸੀ ਪੀਟੀਆਈ. ਮੁਤਾਬਕ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ‘ਚ ਵੀਰਵਾਰ ਸਵੇਰੇ ਅੱਤਵਾਦੀਆਂ ਨੇ ਉੱਤਰ ਪ੍ਰਦੇਸ਼ ਦੇ ਇਕ ਮਜ਼ਦੂਰ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਬਿਜਨੌਰ ਨਿਵਾਸੀ ਪ੍ਰੀਤਮ ਸਿੰਘ ਨੂੰ ਬਟਾਗੁੰਡ ਪਿੰਡ ‘ਚ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ, ਮਜ਼ਦੂਰ ਦੇ ਹੱਥ ‘ਚ ਗੋਲੀ ਲੱਗੀ ਹੈ। ਪ੍ਰੀਤਮ ਸਿੰਘ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਕਸ਼ਮੀਰ ਵਿੱਚ ਗ਼ੈਰ-ਸਥਾਨਕ ਮਜ਼ਦੂਰਾਂ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ।
ਗੰਦਰਬਲ ‘ਚ ਸੁਰੰਗ ਬਣਾਉਣ ਵਾਲੀ ਕੰਪਨੀ ਦੇ ਕੈਂਪ ‘ਤੇ ਹਮਲਾ
ਇਸ ਤੋਂ ਪਹਿਲਾਂ ਐਤਵਾਰ ਰਾਤ ਨੂੰ ਗੰਦਰਬਲ ‘ਚ ਸ਼੍ਰੀਨਗਰ-ਲੇਹ ਹਾਈਵੇ ‘ਤੇ ਸੋਨਮਰਗ ਨੇੜੇ ਗਗਨਗੀਰ ਇਲਾਕੇ ‘ਚ ਜ਼ੈੱਡ ਮੋਡ ਟਨਲ ਬਣਾਉਣ ਵਾਲੀ ਕੰਪਨੀ ‘ਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਇਕ ਡਾਕਟਰ ਅਤੇ 6 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਮਾਰੇ ਗਏ ਮਜ਼ਦੂਰਾਂ ਵਿੱਚ ਕਸ਼ਮੀਰੀ ਅਤੇ ਗੈਰ-ਕਸ਼ਮੀਰੀ ਦੋਵੇਂ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਹਾਲ ਦੇ ਸਾਲਾਂ ‘ਚ ਪ੍ਰਵਾਸੀ ਮਜ਼ਦੂਰਾਂ ‘ਤੇ ਇਹ ਸਭ ਤੋਂ ਵੱਡਾ ਹਮਲਾ ਹੈ। ਦੋ ਅੱਤਵਾਦੀ ਦੱਸੇ ਜਾ ਰਹੇ ਹਨ। ਇਹ ਘਟਨਾ ਸ਼ੋਪੀਆਂ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਬਿਹਾਰ ਦੇ ਮਜ਼ਦੂਰ ਅਸ਼ੋਕ ਚੌਹਾਨ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਵਾਪਰੀ ਹੈ।