ਹਿਮਾਚਲ ‘ਚ ਭਾਰੀ ਮੀਂਹ ਕਾਰਨ ਖਿਸਕੀ ਜ਼ਮੀਨ,128 ਸੜਕਾਂ ਬੰਦ,ਵਿਭਾਗ ਨੇ ਜਾਰੀ ਕੀਤਾ ਅਲਰਟ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 128 ਸੜਕਾਂ ਬੰਦ ਹੋ ਗਈਆਂ ਹਨ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਗਰਜ਼-ਤੂਫਾਨ ਅਤੇ ਭਾਰੀ ਮੀਂਹ ਦਾ ਸੰਤਰੀ ਅਲਰਟ ਜਾਰੀ ਕੀਤਾ ਹੈ। 15 ਅਗਸਤ ਤੱਕ ਭਾਰੀ ਮੀਂਹ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ.ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ

ਵਿਭਾਗ ਨੇ ਮੰਡੀ,ਬਿਲਾਸਪੁਰ,ਸੋਲਨ, ਸ਼ਿਮਲਾ, ਸਿਰਮੌਰ ਅਤੇ ਕੁੱਲੂ ਜ਼ਿਲ੍ਹਿਆਂ ਦੇ ਅਲੱਗ-ਥਲੱਗ ਹਿੱਸਿਆਂ ਵਿੱਚ ਘੱਟ ਤੋਂ ਦਰਮਿਆਨੇ ਹੜ੍ਹ ਦੇ ਖਤਰੇ ਦੀ ਚੇਤਾਵਨੀ ਦਿੱਤੀ ਹੈ। ਹਮੀਰਪੁਰ,ਕਾਂਗੜਾ, ਊਨਾ,ਮੰਡੀ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪਵੇਗਾ। ਲੋਕਾਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਬਿਜਲੀ ਅਤੇ ਜਲ ਸਪਲਾਈ ਵਿੱਚ ਵੀ ਪਿਆ ਵਿਘਨ

ਮੌਸਮ ਵਿਭਾਗ ਨੇ ਲੋਕਾਂ ਨੂੰ ਤੇਜ਼ ਹਵਾਵਾਂ ਅਤੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਜਾਣ ਕਾਰਨ ਫਸਲਾਂ, ਕਮਜ਼ੋਰ ਢਾਂਚੇ ਅਤੇ ਕੱਚੇ ਮਕਾਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਸੁਚੇਤ ਕੀਤਾ ਹੈ। ਮੌਸਮ ਦੇ ਕਹਿਰ ਦੇ ਮੱਦੇਨਜ਼ਰ ਮੰਡੀ ਵਿੱਚ 60, ਕੁੱਲੂ ਵਿੱਚ 37, ਸ਼ਿਮਲਾ ਵਿੱਚ 21, ਕਾਂਗੜਾ ਵਿੱਚ ਪੰਜ, ਕਿਨੌਰ ਵਿੱਚ ਚਾਰ ਅਤੇ ਹਮੀਰਪੁਰ ਜ਼ਿਲ੍ਹੇ ਵਿੱਚ ਇੱਕ ਸੜਕ ਬੰਦ ਹੈ। ਇਸ ਤੋਂ ਇਲਾਵਾ 44 ਬਿਜਲੀ ਅਤੇ 67 ਜਲ ਸਪਲਾਈ ਸਕੀਮਾਂ ਵਿਚ ਵਿਘਨ ਪਿਆ ਹੈ।

ਕਿੱਥੇ ਅਤੇ ਕਿੰਨੀ ਬਾਰਿਸ਼ ਦਰਜ ਕੀਤੀ ਗਈ

ਮੰਡੀ ਜ਼ਿਲ੍ਹੇ ਦੇ ਜੋਗਿੰਦਰਨਗਰ ਵਿੱਚ ਵੀਰਵਾਰ ਸ਼ਾਮ ਤੋਂ ਹੁਣ ਤੱਕ ਸਭ ਤੋਂ ਵੱਧ 160 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਇਲਾਵਾ ਧਰਮਸ਼ਾਲਾ ‘ਚ 125.4 ਮਿਲੀਮੀਟਰ, ਕਟੌਲਾ ‘ਚ 112.3 ਮਿਲੀਮੀਟਰ, ਭਰੜੀ ‘ਚ 98.4 ਮਿਲੀਮੀਟਰ, ਕੰਡਾਘਾਟ ‘ਚ 80 ਮਿਲੀਮੀਟਰ, ਪਾਲਮਪੁਰ ‘ਚ 78.2 ਮਿਲੀਮੀਟਰ, ਪੰਡੋਹ ‘ਚ 76 ਮਿਲੀਮੀਟਰ, ਬੈਜਨਾਥ ‘ਚ 75 ਮਿਲੀਮੀਟਰ, ਕੁਫਰੀ ‘ਚ 70.80 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਸ਼ਿਮਲਾ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ

ਰਾਜ ਦੀ ਰਾਜਧਾਨੀ ਸ਼ਿਮਲਾ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ। ਸ਼ੁੱਕਰਵਾਰ ਨੂੰ ਪ੍ਰਾਪਤ ਆਮ 42-45 ਐਮਐਲਡੀ ਜੇ ਮੁਕਾਬਲੇ 24.64 ਮਿਲੀਅਨ ਲੀਟਰ ਪ੍ਰਤੀ ਦਿਨ (ਐੱਮ.ਐੱਲ.ਡੀ) ਪ੍ਰਾਪਤ ਹੋਈ। 1 ਜੂਨ ਤੋਂ ਸ਼ੁਰੂ ਹੋਏ ਮੌਨਸੂਨ ਦੌਰਾਨ 9 ਅਗਸਤ ਤੱਕ ਸੂਬੇ ਵਿੱਚ 28 ਫੀਸਦੀ ਮੀਂਹ ਘੱਟ ਰਿਹਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਔਸਤ 445.7 ਮਿਲੀਮੀਟਰ ਦੇ ਮੁਕਾਬਲੇ 321.8 ਮਿਲੀਮੀਟਰ ਮੀਂਹ ਪਿਆ।

Exit mobile version