EarthQuake: ਰਾਜਧਾਨੀ ਦਿੱਲੀ-ਐਨਸੀਆਰ ਵਿੱਚ ਸੋਮਵਾਰ ਸਵੇਰੇ ਲਗਭਗ 5:36 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4 ਮਾਪੀ ਗਈ। ਭੂਚਾਲ ਦਾ ਕੇਂਦਰ ਨਵੀਂ ਦਿੱਲੀ ਸੀ ਅਤੇ ਇਸਦੀ ਡੂੰਘਾਈ ਪੰਜ ਕਿਲੋਮੀਟਰ ਦੱਸੀ ਜਾ ਰਹੀ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਹ ਜਾਣਕਾਰੀ ਦਿੱਤੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਦੇ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਆ ਗਏ। ਹਾਲਾਂਕਿ, ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਪੀਐੱਮ ਨੇ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੂਚਾਲ ਸੰਬੰਧੀ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟਵੀਟ ਕੀਤਾ। ਉਨ੍ਹਾਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਛੋਟੇ-ਛੋਟੇ ਝਟਕੇ ਹਰ 2-3 ਸਾਲਾਂ ਬਾਅਦ ਲੱਗਦੇ ਹਨ ਭੂਚਾਲ ਦੇ ਝਟਕੇ
ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਹ ਕੇਂਦਰ ਧੌਲਾ ਕੁਆਂ ਵਿੱਚ ਦੁਰਗਾਬਾਈ ਦੇਸ਼ਮੁਖ ਕਾਲਜ ਆਫ਼ ਸਪੈਸ਼ਲ ਐਜੂਕੇਸ਼ਨ ਦੇ ਨੇੜੇ ਸੀ। ਅਧਿਕਾਰੀਆਂ ਅਨੁਸਾਰ, ਇਸ ਖੇਤਰ ਵਿੱਚ ਹਰ ਦੋ ਤੋਂ ਤਿੰਨ ਸਾਲਾਂ ਬਾਅਦ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ 2015 ਵਿੱਚ ਇੱਥੇ 3.3 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਭੂਚਾਲ ਦੇ ਨਾਲ-ਨਾਲ ਇੱਕ ਉੱਚੀ ਆਵਾਜ਼ ਵੀ ਸੁਣਾਈ ਦਿੱਤੀ, ਜਿਸ ਨਾਲ ਬਹੁਤ ਸਾਰੇ ਲੋਕ ਡਰ ਗਏ। ਦਿੱਲੀ ਪੁਲਿਸ ਨੇ ‘X’ ‘ਤੇ ਪੋਸਟ ਕੀਤਾ ਅਤੇ ਲਿਖਿਆ, ਦਿੱਲੀ, ਸਾਨੂੰ ਉਮੀਦ ਹੈ ਕਿ ਤੁਸੀਂ ਸਾਰੇ ਸੁਰੱਖਿਅਤ ਹੋ। ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਹੈਲਪਲਾਈਨ ਨੰਬਰ 112 ‘ਤੇ ਕਾਲ ਕਰੋ।
ਰਾਜਨੀਤਿਕ ਆਗੂਆਂ ਵੱਲੋਂ ਪ੍ਰਤੀਕਿਰਿਆ
‘ਆਪ’ ਨੇਤਾ ਆਤਿਸ਼ੀ ਨੇ ‘ਐਕਸ’ ‘ਤੇ ਲਿਖਿਆ, ‘ਦਿੱਲੀ ਵਿੱਚ ਜ਼ਬਰਦਸਤ ਭੂਚਾਲ ਆਇਆ, ਮੈਂ ਸਾਰਿਆਂ ਦੀ ਸੁਰੱਖਿਆ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ।’ ਇਸ ਪੋਸਟ ਨੂੰ ਦੁਬਾਰਾ ਸਾਂਝਾ ਕਰਦੇ ਹੋਏ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਰਿਆਂ ਦੀ ਸੁਰੱਖਿਆ ਦੀ ਕਾਮਨਾ ਕੀਤੀ। ਕਾਂਗਰਸ ਦੀ ਰਾਸ਼ਟਰੀ ਬੁਲਾਰਾ ਰਾਗਿਨੀ ਨਾਇਕ ਨੇ ਲਿਖਿਆ, ’10 ਮਿੰਟ ਪਹਿਲਾਂ, ਦਿੱਲੀ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਮੈਂ ਨੀਂਦ ਤੋਂ ਜਾਗੀ।’ ਉਮੀਦ ਹੈ ਕਿ ਸਾਰੇ ਸੁਰੱਖਿਅਤ ਹੋਣਗੇ।