ਉੱਤਰੀ ਰੇਲਵੇ ਨੇ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਇਨ੍ਹਾਂ ਦੋਵਾਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹੀ ਉੱਤਰੀ ਰੇਲਵੇ ਨੇ ਵਿਨੇਸ਼ ਅਤੇ ਬਜਰੰਗ ਦੇ ਅਸਤੀਫੇ ਸਵੀਕਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਪੂਨੀਆ ਅਤੇ ਫੋਗਾਟ ਹਾਲ ਹੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਫੋਗਾਟ ਨੂੰ ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਲਈ ਟਿਕਟ ਦਿੱਤੀ ਗਈ ਹੈ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਰੇਲਵੇ ਕਰਮਚਾਰੀ ਦੁਆਰਾ ਅਸਤੀਫਾ ਦੇਣ ਤੋਂ ਬਾਅਦ ਤਿੰਨ ਮਹੀਨਿਆਂ ਦੀ ਨੋਟਿਸ ਪੀਰੀਅਡ ਦੀ ਵਿਵਸਥਾ ਦੋਵਾਂ ਖਿਡਾਰੀਆਂ ਨੂੰ ਰਾਹਤ ਦੇਣ ਦੇ ਰਾਹ ਵਿਚ ਨਹੀਂ ਆਵੇਗੀ, ਕਿਉਂਕਿ ਅਸੀਂ ਉਨ੍ਹਾਂ ਦੇ ਮਾਮਲਿਆਂ ਵਿਚ ਨਿਯਮਾਂ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
ਵਿਭਾਗ ਨੇ ਜਾਰੀ ਕੀਤਾ ਸੀ ਕਾਰਨ ਦੱਸੋ ਨੋਟਿਸ
ਦਰਅਸਲ, ਉੱਤਰੀ ਰੇਲਵੇ ਨੇ ਦੋਵਾਂ ਖਿਡਾਰੀਆਂ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਲਈ ਪਾਰਟੀ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਉੱਤਰੀ ਰੇਲਵੇ ਨੇ ਕਿਹਾ ਸੀ ਕਿ ਕਾਰਨ ਦੱਸੋ ਨੋਟਿਸ ਸੇਵਾ ਨਿਯਮਾਂ ਦਾ ਹਿੱਸਾ ਹੈ ਕਿਉਂਕਿ ਉਹ ਸਰਕਾਰੀ ਕਰਮਚਾਰੀ ਹਨ। ਇਸ ਨੋਟਿਸ ਤੋਂ ਬਾਅਦ ਦੋਵਾਂ ਨੇ ਰੇਲਵੇ ਤੋਂ ਅਸਤੀਫਾ ਦੇ ਦਿੱਤਾ ਹੈ।
ਚੋਣ ਲੜਨ ਵਿੱਚ ਨਹੀਂ ਆਵੇਗੀ ਰੁਕਾਵਟ
ਕਿਆਸ ਲਗਾਏ ਜਾ ਰਹੇ ਸਨ ਕਿ ਫੋਗਾਟ ਤਿੰਨ ਮਹੀਨਿਆਂ ਦੇ ਨੋਟਿਸ ਪੀਰੀਅਡ ਦੇ ਨਿਯਮ ਕਾਰਨ ਚੋਣ ਨਹੀਂ ਲੜ ਸਕਣਗੇ। ਚੋਣ ਨਿਯਮਾਂ ਅਨੁਸਾਰ ਚੋਣ ਲੜਨ ਲਈ ਉਸ ਨੂੰ ਰੇਲਵੇ ਤੋਂ ਅਧਿਕਾਰਤ ਤੌਰ ‘ਤੇ ਰਿਲੀਵ ਕੀਤਾ ਜਾਣਾ ਜ਼ਰੂਰੀ ਹੈ। ਉੱਤਰੀ ਰੇਲਵੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਰੇਲਵੇ ਨੇ ਹੁਣ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ, ਇਸ ਲਈ ਉਨ੍ਹਾਂ ਦੇ ਚੋਣ ਲੜਨ ਵਿੱਚ ਕੋਈ ਰੁਕਾਵਟ ਨਹੀਂ ਹੋਵੇਗੀ।