ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਅਧੀਨ ਕੰਟਰੋਲ ਰੇਖਾ ‘ਤੇ ਅੱਤਵਾਦੀਆਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਹੈ ਕਿ ਕੁਪਵਾੜਾ ਦੇ ਤੰਗਦਾਰ ਅਤੇ ਮਾਛਲ ਸੈਕਟਰਾਂ ‘ਚ ਦੋ ਵੱਖ-ਵੱਖ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ‘ਚ ਕਰੀਬ ਇਕ ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਅਜਿਹੇ ‘ਚ ਅੱਤਵਾਦੀਆਂ ਨੇ ਇਕ ਵਾਰ ਫਿਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ।
ਰਾਜੌਰੀ ਵਿੱਚ ਵੀ ਐਨਕਾਊਂਟਰ
ਰਾਜੌਰੀ ਜ਼ਿਲੇ ਦੀ ਖਵਾਸ ਤਹਿਸੀਲ ‘ਚ ਵੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀਆਂ ਬਾਰੇ ਸੂਚਨਾ ਮਿਲਣ ਤੋਂ ਬਾਅਦ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਬੁੱਧਵਾਰ ਦੇਰ ਰਾਤ ਇਹ ਮੁਕਾਬਲਾ ਹੋਇਆ।
ਜੰਮੂ-ਕਸ਼ਮੀਰ ‘ਚ ਅੱਤਵਾਦੀ ਘਟਨਾਵਾਂ ‘ਚ ਵਾਧਾ
ਜੰਮੂ-ਕਸ਼ਮੀਰ ‘ਚ 9 ਜੂਨ ਨੂੰ ਰਿਆਸੀ ਹਮਲੇ ਤੋਂ ਬਾਅਦ ਅੱਤਵਾਦੀ ਘਟਨਾਵਾਂ ‘ਚ ਵਾਧਾ ਹੋਇਆ ਹੈ। ਇਸ ਦੌਰਾਨ ਅੱਤਵਾਦੀਆਂ ਨੇ ਸ਼ਿਵਖੋੜੀ ਤੋਂ ਆ ਰਹੀ ਇੱਕ ਬੱਸ ਨੂੰ ਨਿਸ਼ਾਨਾ ਬਣਾਇਆ। ਇਸ ਅੱਤਵਾਦੀ ਘਟਨਾ ‘ਚ 9 ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ, ਜਦਕਿ 41 ਸ਼ਰਧਾਲੂ ਜ਼ਖਮੀ ਹੋ ਗਏ ਸਨ। 11 ਜੂਨ ਨੂੰ ਜੰਮੂ ਡਿਵੀਜ਼ਨ ਦੇ ਕਠੂਆ ਅਧੀਨ ਆਉਂਦੇ ਇੱਕ ਪਿੰਡ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਹਾਲਾਂਕਿ ਇਸ ਮੁਕਾਬਲੇ ‘ਚ ਫੌਜ ਦੇ ਜਵਾਨਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਇਨ੍ਹਾਂ ਅੱਤਵਾਦੀ ਹਮਲਿਆਂ ਤੋਂ ਬਾਅਦ ਤੁਰੰਤ ਪ੍ਰਭਾਵ ਨਾਲ ਸੁਰੱਖਿਆ ਬਲਾਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਜੰਮੂ-ਕਸ਼ਮੀਰ ਦੇ ਸੰਘਣੇ ਜੰਗਲਾਂ ਅਤੇ ਪਹਾੜਾਂ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।