ਰਾਸ਼ਟਰਪਤੀ ਨੇ ਆਤਿਸ਼ੀ ਨੂੰ ਸੌਂਪੀ ਦਿੱਲੀ ਦੀ ਕਮਾਨ, ਅੱਜ LG ਦੀ ਸਰਕਾਰੀ ਰਿਹਾਇਸ਼ ‘ਤੇ ਹੋਵੇਗਾ ਸਹੁੰ ਚੁੱਕ ਸਮਾਗਮ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੀ ਨੇਤਾ ਆਤਿਸ਼ੀ ਨੂੰ ਦਿੱਲੀ ਦਾ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਰਾਸ਼ਟਰਪਤੀ ਨੇ ਪੰਜ ਮੰਤਰੀਆਂ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸਹੁੰ ਚੁੱਕ ਸਮਾਗਮ ਲਈ ਸਾਰਿਆਂ ਨੂੰ 21 ਸਤੰਬਰ ਨੂੰ ਰਾਜ ਭਵਨ ਬੁਲਾਇਆ ਗਿਆ ਹੈ।

ਇਹ ਲੋਕ ਸਹੁੰ ਚੁੱਕਣਗੇ

ਦਿੱਲੀ ਦੇ ਨਵੇਂ ਮੁੱਖ ਮੰਤਰੀ ਆਤਿਸ਼ੀ ਸ਼ਨੀਵਾਰ ਸ਼ਾਮ 4.30 ਵਜੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣਗੇ। ਰਾਜਨੀਵਾਸ ਸੂਤਰਾਂ ਅਨੁਸਾਰ ਆਤਿਸ਼ੀ ਦੇ ਨਾਲ ਪੰਜ ਮੰਤਰੀ ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਲਾਵਤ ਵੀ ਸਹੁੰ ਚੁੱਕਣਗੇ। ਆਤਿਸ਼ੀ ਇਕ ਸਾਦੇ ਸਮਾਰੋਹ ‘ਚ ਸਹੁੰ ਚੁੱਕਣਗੇ, ਜਦਕਿ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਕੇਜਰੀਵਾਲ ਦਾ ਸਹੁੰ ਚੁੱਕ ਸਮਾਗਮ ਹਜ਼ਾਰਾਂ ਲੋਕਾਂ ਦੀ ਮੌਜੂਦਗੀ ‘ਚ ਰਾਮਲੀਲਾ ਮੈਦਾਨ ‘ਚ ਹੋਇਆ।

ਨਵੀਂ ਕੈਬਨਿਟ ‘ਚ ਮੁਕੇਸ਼ ਨਵਾਂ ਚਿਹਰਾ ਹੋਣਗੇ

ਸੁਲਤਾਨਪੁਰ ਮਾਜਰਾ ਦੇ ਵਿਧਾਇਕ ਮੁਕੇਸ਼ ਅਹਲਾਵਤ ਨਵੀਂ ਕੈਬਨਿਟ ਵਿੱਚ ਨਵਾਂ ਚਿਹਰਾ ਹੋਣਗੇ। ਅਨੁਸੂਚਿਤ ਜਾਤੀ ਦੇ ਆਗੂ ਨੂੰ ਰਾਖਵੇਂ ਹਲਕੇ ਦੀ ਨੁਮਾਇੰਦਗੀ ਲਈ ਚੁਣਿਆ ਗਿਆ ਹੈ। ਅਹਿਲਾਵਤ ਇਸ ਸਮੇਂ ਪਾਰਟੀ ਦੀ ਰਾਜਸਥਾਨ ਇਕਾਈ ਦੇ ਸਹਿ-ਇੰਚਾਰਜ ਹਨ।

Exit mobile version