ਜਹਾਜ਼ਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਿਆ ਨਹੀਂ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਤੋਂ ਲੰਡਨ ਜਾਣ ਵਾਲੀ ਵਿਸਤਾਰਾ ਫਲਾਈਟ (UK17) ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ। ਇਸ ਤੋਂ ਬਾਅਦ ਫਰੈਂਕਫਰਟ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸ਼ਨੀਵਾਰ ਸਵੇਰੇ ਏਅਰਲਾਈਨ ਦੇ ਬੁਲਾਰੇ ਨੇ ਕਿਹਾ ਕਿ ਫਲਾਈਟ ਫਰੈਂਕਫਰਟ ਹਵਾਈ ਅੱਡੇ ‘ਤੇ ਸੁਰੱਖਿਅਤ ਉਤਰ ਗਈ ਅਤੇ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਫਲਾਈਟ ਆਪਣੀ ਮੰਜ਼ਿਲ ਲਈ ਰਵਾਨਾ ਹੋਵੇਗੀ।
ਅਕਾਸਾ ਏਅਰ ਦੀ ਇੱਕ ਉਡਾਣ ਨੂੰ ਵੀ ਸ਼ੁੱਕਰਵਾਰ ਮਿਲੀ ਸੀ ਧਮਕੀ
ਇਸ ਦੌਰਾਨ, ਅਕਾਸਾ ਏਅਰ ਨੇ ਕਿਹਾ ਕਿ ਉਸਦੀ ਫਲਾਈਟ QP 1366, ਜਿਸ ਨੇ ਸ਼ੁੱਕਰਵਾਰ ਨੂੰ ਬੈਂਗਲੁਰੂ ਤੋਂ ਮੁੰਬਈ ਲਈ ਉਡਾਣ ਭਰੀ ਸੀ, ਨੂੰ ਰਵਾਨਗੀ ਤੋਂ ਥੋੜ੍ਹੀ ਦੇਰ ਪਹਿਲਾਂ ਸੁਰੱਖਿਆ ਅਲਰਟ ਪ੍ਰਾਪਤ ਹੋਇਆ ਸੀ। ਪਿਛਲੇ ਕੁੱਝ ਦਿਨਾਂ ਵਿੱਚ 40 ਫਲਾਈਟਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਹਾਲਾਂਕਿ, ਸਾਰੀਆਂ ਧਮਕੀਆਂ ਅਫਵਾਹਾਂ ਸਾਬਤ ਹੋਈਆਂ।
ਭਾਰਤ ਸਰਕਾਰ ਨੇ ਚਿੰਤਾ ਪ੍ਰਗਟਾਈ
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਪਰਾਧੀਆਂ ਨੂੰ ਨੋ-ਫਲਾਈ ਸੂਚੀ ‘ਤੇ ਪਾਉਣ ਸਮੇਤ ਝੂਠੇ ਬੰਬ ਧਮਕਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਏਅਰਲਾਈਨਾਂ ਲਈ ਸਖ਼ਤ ਨਿਯਮ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਇਹ ਯਕੀਨੀ ਬਣਾਉਣ ਲਈ ਨਿਯਮਾਂ ‘ਚ ਸੋਧ ਕਰਨ ‘ਤੇ ਵਿਚਾਰ ਕਰ ਰਿਹਾ ਹੈ ਕਿ ਏਅਰਲਾਈਨਾਂ ਨੂੰ ਬੰਬ ਦੀ ਧਮਕੀ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਨ੍ਹਾਂ ਘਟਨਾਵਾਂ ਪਿੱਛੇ ਕਿਸੇ ਵੱਡੀ ਸਾਜ਼ਿਸ਼ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਮੁੰਬਈ ਪੁਲਿਸ ਨੇ ਤਿੰਨ ਦਿਨਾਂ ਵਿੱਚ ਇਸ ਸਬੰਧ ਵਿੱਚ ਸੱਤ ਮਾਮਲੇ ਦਰਜ ਕੀਤੇ ਹਨ।