ਗੈਂਗਸਟਰ ਜੱਗੂ ਭਗਵਾਨਪੁਰੀਆ ਦੇ 4 ਸਾਥੀ ਗ੍ਰਿਫਤਾਰ, ਜਲੰਧਰ ਪੁਲਿਸ ਨੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਕੀਤਾ ਕਾਬੂ,ਹਥਿਆਰ ਬਰਾਮਦ

Punjab News: ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ 4 ਗੁਰਗੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਜਰਮਨੀ ਵਿੱਚ ਰਹਿ ਰਹੇ ਅਮਨ ਉਰਫ਼ ਅੰਦਾ ਦੇ ਸੰਪਰਕ ਵਿੱਚ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਜਲੰਧਰ ਬਟਾਲਾ ਰੋਡ ’ਤੇ 70 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕਰ ਲਿਆ। ਜਦਕਿ ਇੱਕ ਮੁਲਜ਼ਮ ਸਾਜਨਦੀਪ ਭੱਜਣ ਵਿੱਚ ਕਾਮਯਾਬ ਹੋ ਗਿਆ। ਮੁਲਜ਼ਮਾਂ ਕੋਲੋਂ 1 ਰਿਵਾਲਵਰ, 2 ਪਿਸਤੌਲ, 1 ਗਲਾਕ ਪਿਸਤੌਲ 9 ਐਮਐਮ,4 ਕਾਰਤੂਸ ਅਤੇ 2 ਗੱਡੀਆਂ ਬਰਾਮਦ ਹੋਈਆਂ ਹਨ। ਮੁਲਜ਼ਮਾਂ ਦੀ ਪਛਾਣ ਅਸਰਤ ਕੰਠ ਉਰਫ ਸਾਬੀ, ਕਮਲਪ੍ਰੀਤ ਸਿੰਘ ਉਰਫ ਕੋਮਲ ਬਾਜਵਾ, ਪ੍ਰਦੀਪ ਕੁਮਾਰ ਉਰਫ ਗੋਰਾ ਅਤੇ ਗੁਰਮੀਤ ਰਾਜ ਉਰਫ ਜੁਨੇਜਾ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਇਹ ਹਥਿਆਰ ਜਰਮਨੀ ਰਹਿੰਦੇ ਜੱਗੂ ਭਗਵਾਨਪੁਰੀਆ ਗੈਂਗ ਦੇ ਮੁਖੀ ਅਮਨ ਉਰਫ਼ ਅੰਦਾ ਨੇ ਸਪਲਾਈ ਕੀਤੇ ਸਨ। ਇਹ ਹਥਿਆਰ ਬਟਾਲਾ ਨਿਵਾਸੀ ਸੰਜੂ ਉਰਫ ਸਾਹਿਲ ਕੁਮਾਰ, ਜੋ ਕਿ ਇਸ ਸਮੇਂ ਜੇਲ ‘ਚ ਬੰਦ ਹੈ, ਰਾਹੀਂ ਪਹੁੰਚਾਇਆ ਗਿਆ ਸੀ।

ਸਾਜਨਦੀਪ ਉਰਫ ਲੋਢਾ ਭੱਜਣ ਵਿੱਚ ਕਾਮਯਾਬ

ਜਲੰਧਰ ਦਿਹਾਤੀ ਪੁਲਿਸ ਨੂੰ ਮੁਲਜ਼ਮਾਂ ਬਾਰੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸੀ.ਆਈ.ਏ ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਅਤੇ ਐਸਐਚਓ ਭੋਗਪੁਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਲਹਿੜਾ ਨੇੜੇ ਨਾਕਾਬੰਦੀ ਕੀਤੀ ਗਈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੀ ਇੱਕ ਬਰੇਜ਼ਾ ਕਾਰ ਨੂੰ ਰੋਕਿਆ। ਇਸ ਦੌਰਾਨ ਪੁਲਿਸ ਨੇ ਸਾਬੀ ਅਤੇ ਕੋਮਲ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ। ਜਦੋਂਕਿ ਐਕਸਯੂਵੀ ਵਿੱਚ ਸਵਾਰ ਲੋਕ ਨਾਕਾਬੰਦੀ ਤੋੜਨ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ ਪੁਲਿਸ ਵੀ ਪਿੱਛੇ ਨਹੀਂ ਹਟੀ। ਪੁਲਿਸ ਨੇ ਮੁਲਜ਼ਮਾਂ ਦਾ ਪਿੱਛਾ ਕਰਦਿਆਂ ਮਕਸੂਦਾ ਦੇ ਜ਼ਿੰਦਾ ਰੋਡ ਨੇੜੇ ਗੋਰਾ ਤੇ ਜੁਨੇਜਾ ਨੂੰ ਕਾਬੂ ਕਰ ਲਿਆ। ਜਦਕਿ ਪੰਜਵਾਂ ਮੁਲਜ਼ਮ ਸਾਜਨਦੀਪ ਉਰਫ਼ ਲੋਢਾ ਭੱਜਣ ਵਿੱਚ ਕਾਮਯਾਬ ਹੋ ਗਿਆ।

ਯੁੱਧਵੀਰ ਸਿੰਘ ਉਰਫ਼ ਯੋਦਵਾ ਦੇ ਕਤਲ ਵਿੱਚ ਸ਼ਾਮਲ ਸਨ

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ 23 ਜੁਲਾਈ ਨੂੰ ਬਟਾਲਾ ਦੇ ਗਾਂਧੀ ਕੈਂਪ ਵਿੱਚ ਹੋਈ ਗੋਲੀਬਾਰੀ ਵਿੱਚ ਸ਼ਾਮਲ ਸਨ। ਇਨ੍ਹਾਂ ਨੇ ਵਿਰੋਧੀ ਗਰੋਹ ਦੇ ਇੱਕ ਮੈਂਬਰ ਯੁੱਧਵੀਰ ਉਰਫ਼ ਯੋਧਾ ਦੀ ਹੱਤਿਆ ਕਰ ਦਿੱਤੀ ਸੀ, ਜਦਕਿ ਦੂਜੇ ਰਾਹੁਲ ਦਾਤਾਰ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਜਲੰਧਰ ਦੇਹਾਤੀ ਦੇ ਐਸਐਸਪੀ ਖੱਖ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਇਸ ਗਰੋਹ ਦੀਆਂ ਕਾਰਵਾਈਆਂ ਅਤੇ ਕੌਮਾਂਤਰੀ ਸਬੰਧਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਹੋਰ ਰਿਮਾਂਡ ਮੰਗੇਗੀ।

Exit mobile version