ਪੰਜਾਬ ਦੇ 5 ਮੰਤਰੀ ਹਿਰਾਸਤ ‘ਚ, ਇਕ ਜ਼ਖਮੀ, ਚੰਡੀਗੜ੍ਹ ‘ਚ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਹੰਗਾਮਾ

ਇਸ ਦੌਰਾਨ ਪੁਲੀਸ ਨੇ ‘ਆਪ’ ਦੇ 6 ਮੰਤਰੀਆਂ, ਕਈ ਵਿਧਾਇਕਾਂ ਤੇ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ। ਫਿਲਹਾਲ ਪ੍ਰਦਰਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਪੱਗ ਵੀ ਸਿਰ ਤੋਂ ਉਤਰ ਗਈ।

ਪੰਜਾਬ ਨਿਊਜ਼। ਪੰਜਾਬ ਵਿੱਚ ਝੋਨੇ ਦੀ ਢਿੱਲੀ ਲਿਫਟਿੰਗ ਨੂੰ ਲੈ ਕੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ‘ਆਪ’ ਆਗੂਆਂ ਤੇ ਸਮਰਥਕਾਂ ਨੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਧਰਨਾਕਾਰੀ ਵਰਕਰਾਂ ਨੂੰ ਅੱਧ ਵਿਚਕਾਰ ਹੀ ਰੋਕ ਲਿਆ। ਪੁਲਿਸ ਵੱਲੋਂ ਜਲ ਤੋਪਾਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਪੁਲੀਸ ਨੇ ‘ਆਪ’ ਦੇ 6 ਮੰਤਰੀਆਂ, ਕਈ ਵਿਧਾਇਕਾਂ ਤੇ ਸਮਰਥਕਾਂ ਨੂੰ ਹਿਰਾਸਤ ਵਿੱਚ ਲਿਆ। ਫਿਲਹਾਲ ਪ੍ਰਦਰਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ। ਪੁਲਿਸ ਦੀ ਇਸ ਕਾਰਵਾਈ ਦੌਰਾਨ ਮੰਤਰੀ ਹਰਜੋਤ ਸਿੰਘ ਬੈਂਸ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦੀ ਪੱਗ ਵੀ ਸਿਰ ਤੋਂ ਉਤਰ ਗਈ। ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ‘ਆਪ’ ਦੇ ਪ੍ਰਦਰਸ਼ਨ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਢੁੱਕਵੇਂ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਹਾਲਾਤ ਨਾ ਹੁੰਦੇ। ਉਨ੍ਹਾਂ ‘ਆਪ’ ਆਗੂਆਂ ਨੂੰ ਮੰਡੀਆਂ ਵਿੱਚ ਜਾਣ ਦੀ ਸਲਾਹ ਦਿੱਤੀ।

ਪੁਲਿਸ ਨੇ ‘ਆਪ’ ਆਗੂਆਂ ਨੂੰ ਅੱਗੇ ਨਹੀਂ ਵਧਣ ਦਿੱਤਾ

ਭਾਜਪਾ ਦਫਤਰ ਤੋਂ ਮਹਿਜ਼ 150 ਮੀਟਰ ਦੀ ਦੂਰੀ ‘ਤੇ ਸਥਿਤ ਬੱਤਰਾ ਸਿਨੇਮਾ ਨੇੜੇ ਸਵੇਰ ਤੋਂ ਹੀ ‘ਆਪ’ ਦੇ ਕਈ ਆਗੂ ਅਤੇ ਸਮਰਥਕ ਇਕੱਠੇ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਰੋਸ ਰੈਲੀ ਕੱਢੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਇਕ-ਇਕ ਕਰਕੇ ਸਾਰੇ ਮੰਤਰੀਆਂ ਅਤੇ ਆਗੂਆਂ ਨੇ ਸੰਬੋਧਨ ਕੀਤਾ। ਦੂਜੇ ਪਾਸੇ ਪੁਲਿਸ ਨੇ ਵੀ ਸਵੇਰ ਤੋਂ ਹੀ ਨਾਕਾਬੰਦੀ ਕੀਤੀ ਹੋਈ ਸੀ। ਜਿਵੇਂ ਹੀ ‘ਆਪ’ ਆਗੂ ਤੇ ਸਮਰਥਕ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਉਹ ਨਹੀਂ ਰੁਕੇ। ਪ੍ਰਦਰਸ਼ਨਕਾਰੀ ਪੁਲਿਸ ਵੱਲੋਂ ਲਾਏ ਬੈਰੀਕੇਡਾਂ ’ਤੇ ਚੜ੍ਹਨ ਲੱਗੇ। ਇਸ ਮਗਰੋਂ ਪੁਲਿਸ ਨੂੰ ਜਲ ਤੋਪਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪਿਆ। ਪਰ ਪ੍ਰਦਰਸ਼ਨਕਾਰੀ ਫਿਰ ਵੀ ਅੱਗੇ ਵਧੇ। ਇਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਥਾਣੇ ਭੇਜਣਾ ਸ਼ੁਰੂ ਕਰ ਦਿੱਤਾ। ਇਸ ਪ੍ਰਦਰਸ਼ਨ ਦੀ ਅਗਵਾਈ ਕੈਬਨਿਟ ਮੰਤਰੀ ਮਨਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਲਿਤ ਸਿੰਘ ਭੁੱਲਰ, ਮੰਤਰੀ ਤਰੁਨਪ੍ਰੀਤ ਸਿੰਘ ਅਤੇ ਮੰਤਰੀ ਹਰਜੋਤ ਬੈਂਸ ਨੇ ਕੀਤੀ। ਪੁਲਿਸ ਨੇ ਇਨ੍ਹਾਂ ਸਾਰੇ 6 ਮੰਤਰੀਆਂ ਸਮੇਤ ਕਈ ‘ਆਪ’ ਵਰਕਰਾਂ ਨੂੰ ਹਿਰਾਸਤ ‘ਚ ਲਿਆ ਹੈ।

Exit mobile version