ਪੰਜਾਬ ਨਿਊਜ਼। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲਾਂ ਦੀ ਖਰੀਦ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਪਰ ਅਜੇ ਤੱਕ ਕੇਂਦਰ ਵੱਲੋਂ ਕਿਸਾਨਾਂ ਨਾਲ ਕੋਈ ਰਾਬਤਾ ਨਹੀਂ ਕਾਇਮ ਕੀਤਾ ਗਿਆ। ਉੱਥੇ ਹੀ ਹੁਣ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ਕਿਸਾਨ ਅੰਦੋਲਨ ਦਾ ਨਵਾਂ ਕੇਂਦਰ ਬਣ ਰਹੀ ਹੈ। ਕਿਸਾਨਾਂ ਨੇ ਇੱਥੇ ਪੱਕੇ ਸ਼ੈੱਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਠੰਢ ਤੋਂ ਬਚਾਅ ਲਈ ਲੱਕੜ ਇਕੱਠੀ ਕੀਤੀ ਜਾ ਰਹੀ ਹੈ। ਕੰਬਲ ਅਤੇ ਹੋਰ ਕੱਪੜੇ ਵੀ ਕਿਸਾਨਾਂ ਕੋਲ ਪਹੁੰਚ ਗਏ ਹਨ। ਕਿਸਾਨਾਂ ਦੇ ਵੱਲੋਂ ਇੱਥੇ ਵਾਈਫਾਈ ਕਨੈਕਸ਼ਨ ਵੀ ਲਗਾਏ ਜਾ ਰਹੇ ਹਨ।
ਡੱਲੇਵਾਲ ਦੀ ਹਾਲਤ ਨਾਜ਼ੁਕ,ਐਤਵਾਰ ਨੂੰ ਧਰਨੇ ਤੇ ਵੀ ਨਹੀਂ ਆਏ
ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ 28 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਇਮਿਊਨਿਟੀ ਵੀ ਕਮਜ਼ੋਰ ਹੋ ਗਈ ਹੈ। ਉਨ੍ਹਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵੀ ਹੁੰਦਾ ਹੈ। ਜਿਸ ਕਾਰਨ ਉਹ ਐਤਵਾਰ ਨੂੰ ਪੂਰਾ ਦਿਨ ਧਰਨੇ ਵਾਲੀ ਸਟੇਜ ‘ਤੇ ਵੀ ਨਹੀਂ ਆਏ।
30 ਨੂੰ ਪੰਜਾਬ ਬੰਦ ਦਾ ਸੱਦਾ
ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ 24 ਦਸੰਬਰ ਨੂੰ ਸ਼ਾਮ 5:30 ਵਜੇ ਕੈਡਲ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਸਮੁੱਚੇ ਦੇਸ਼ ਵਾਸੀਆਂ ਨੂੰ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਸਮਰਥਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਅੰਦੋਲਨ ਦੇ ਸਮਰਥਨ ‘ਚ 30 ਦਸੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
24 ਦਸੰਬਰ ਨੂੰ ਐਸਕੇਐਮ ਨਾਲ ਮੀਟਿੰਗ
ਦਿੱਲੀ ਵਿੱਚ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਇਸ ਅੰਦੋਲਨ ਵਿੱਚ ਸਿੱਧੇ ਤੌਰ ’ਤੇ ਸ਼ਮੂਲੀਅਤ ਨਹੀਂ ਕੀਤੀ। ਹਾਲਾਂਕਿ ਉਹ ਮਦਦ ਲਈ ਤਿਆਰ ਹੈ। ਇਸ ਸਬੰਧੀ ਮੀਟਿੰਗ 21 ਦਸੰਬਰ ਨੂੰ ਪਟਿਆਲਾ ਵਿਖੇ ਹੋਈ। ਜਿਸ ਵਿੱਚ ਅੰਦੋਲਨ ਵਿੱਚ ਸ਼ਾਮਲ ਆਗੂ ਸਰਵਣ ਪੰਧੇਰ ਤੋਂ ਇਲਾਵਾ ਐਸਕੇਐਮ ਤੋਂ ਦਰਸ਼ਨ ਪਾਲ ਨੇ ਵੀ ਸ਼ਮੂਲੀਅਤ ਕੀਤੀ। ਹੁਣ ਦੂਜੀ ਮੀਟਿੰਗ 24 ਦਸੰਬਰ ਨੂੰ ਹੋਵੇਗੀ।