Punjab News: ਐਂਟੀ ਗੈਂਗਸਟਰ ਟਾਸਕ ਫੋਰਸ ਦੇ AIG ਗੁਰਮੀਤ ਚੌਹਾਨ ਨੇ ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਵਿੱਚ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤੀਹਰੇ ਕਤਲ ਕਾਂਡ ਦੀ ਗੁੱਥੀ ਸੁਲਝਾਉਣ ਲਈ ਆਪਰੇਸ਼ਨ ਡੇਜ਼ਰਟ ਸ਼ੁਰੂ ਕੀਤਾ ਗਿਆ ਸੀ। ਪੰਜਾਬ ਪੁਲਿਸ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਛੇ ਸ਼ੂਟਰਾਂ ਦੀ ਗ੍ਰਿਫ਼ਤਾਰੀ ਕੀਤਾ ਸੀ। ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਨੂੰ ਸੁਲਝਾਉਣ ਦੇ ਦੋ ਦਿਨ ਬਾਅਦ, ਮਾਮਲੇ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਦਾ ਮੁੱਖ ਨਿਸ਼ਾਨਾ ਮ੍ਰਿਤਕ ਦਿਲਦੀਪ ਸੀ, ਜਦਕਿ ਦੋ ਅਣਜਾਣੇ ਵਿੱਚ ਹੀ ਮਾਰੇ ਗਏ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਬਾਬਾ ਵਾਸੀ ਚੋਹਲਾ ਸਾਹਿਬ ਤਰਨਤਾਰਨ, ਪ੍ਰਿੰਸ ਪਿੰਡ ਕੁੰਡੇ ਫ਼ਿਰੋਜ਼ਪੁਰ, ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਸੁੱਖੂ, ਸੁਖਚੈਨ ਸਿੰਘ, ਅਕਸ਼ੈ ਉਰਫ਼ ਬਗੀਚਾ ਅਤੇ ਰਾਜਬੀਰ ਸਿੰਘ ਉਰਫ਼ ਦਲੇਰ ਸਿੰਘ ਵਜੋਂ ਹੋਈ ਹੈ| ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਫ਼ਿਰੋਜ਼ਪੁਰ ਜ਼ਿਲ੍ਹਾ ਪੁਲਿਸ, ਕੇਂਦਰੀ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਿਸ ਨੇ ਸਾਂਝੇ ਤੌਰ ‘ਤੇ ਔਰੰਗਾਬਾਦ ਦੇ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈਸ ਹਾਈਵੇਅ ਤੋਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ।
3 ਸਤੰਬਰ ਵਾਪਰੀ ਸੀ ਘਟਨਾ
ਏਆਈਜੀ ਏਜੀਟੀਐਫ ਸੰਦੀਪ ਗੋਇਲ ਨੇ ਦੱਸਿਆ ਕਿ 3 ਸਤੰਬਰ ਨੂੰ ਦੁਪਹਿਰ 12:50 ਵਜੇ ਦੇ ਕਰੀਬ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਅਕਾਸ਼ਦੀਪ ਅਤੇ ਹਰਪ੍ਰੀਤ ਉਰਫ਼ ਜੌਂਟੀ ਫ਼ਿਰੋਜ਼ਪੁਰ ਸ਼ਹਿਰ ਦੇ ਕੰਬੋਜ ਨਗਰ ਸਥਿਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਕਾਰ ਵਿੱਚ ਜਾ ਰਹੇ ਸਨ। ਜਿੰਨਾਂ ਤੇ ਛੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਾਦਸੇ ਵਿੱਚ ਦਿਲਦੀਪ ਸਿੰਘ ਉਰਫ਼ ਲਾਲੀ, ਅਕਾਸ਼ਦੀਪ ਸਿੰਘ ਅਤੇ ਉਸ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ, ਜਦਕਿ ਦੋ ਹੋਰ ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਏਆਈਜੀ ਏਜੀਟੀਐਫ ਗੁਰਮੀਤ ਚੌਹਾਨ, ਏਆਈਜੀ ਏਜੀਟੀਐਫ ਸੰਦੀਪ ਗੋਇਲ ਅਤੇ ਐਸਐਸਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਮੀਡੀਆ ਨੂੰ ਦੱਸਿਆ ਕਿ ਫੜੇ ਗਏ ਸਾਰੇ ਛੇ ਮੁਲਜ਼ਮਾਂ ਨੂੰ ਫ਼ਿਰੋਜ਼ਪੁਰ ਲਿਆਂਦਾ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਦਿਲਦੀਪ ਸਿੰਘ, ਬੁਵਨੇਸ਼ ਚੋਪੜਾ ਅਤੇ ਹਰਪ੍ਰੀਤ ਸਿੰਘ ਵਿਚਕਾਰ ਦੁਸ਼ਮਣੀ ਸੀ
ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਤਲ ਦਿਲਦੀਪ ਸਿੰਘ ਅਤੇ ਬੁਵਨੇਸ਼ ਚੋਪੜਾ ਉਰਫ਼ ਅਸ਼ੀਸ਼ ਅਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮੱਲ ਵਿਚਕਾਰ ਨਿੱਜੀ ਰੰਜਿਸ਼ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਿਲਦੀਪ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਪਿਛੋਕੜ ਸੀ। ਮੁੱਖ ਦੋਸ਼ੀ ਭੁਵਨੇਸ਼ ਚੋਪੜਾ ਉਰਫ ਆਸ਼ੀਸ਼ ਦੀ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਹਨ।