ਪੰਜਾਬ ਨਿਊਜ਼। ਚੰਡੀਗੜ੍ਹ ਦੇ ਸੈਕਟਰ-26 ਸਥਿਤ ਦੋ ਕਲੱਬਾਂ ਦੇ ਬਾਹਰ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਥਾਵਾਂ ‘ਤੇ ਬੰਬ ਧਮਾਕੇ ਹੋਏ ਹਨ, ਪਰ ਅਧਿਕਾਰਤ ਤੌਰ ‘ਤੇ ਇਨ੍ਹਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇਨ੍ਹਾਂ ਧਮਾਕਿਆਂ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਘਟਨਾ ਤੋਂ ਬਾਅਦ ਐੱਸਐੱਸਪੀ ਸਮੇਤ ਕਈ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਸੋਮਵਾਰ ਦੇਰ ਰਾਤ ਵਾਪਰੀ। ਇਨ੍ਹਾਂ ਧਮਾਕਿਆਂ ਕਾਰਨ ਕਲੱਬਾਂ ਦੇ ਬਾਹਰ ਲੱਗੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕ ਸੁੱਟਣ ਵਾਲੇ ਬਾਈਕ ‘ਤੇ ਸਵਾਰ ਹੋ ਕੇ ਆਏ ਸਨ।
ਚੰਡੀਗੜ੍ਹ ਦਾ ਪ੍ਰਮੁੱਖ ਇਲਾਕਾ
ਚੰਡੀਗੜ੍ਹ ਦਾ ਉਹ ਇਲਾਕਾ ਜਿੱਥੇ ਇਹ ਧਮਾਕੇ ਹੋਏ ਹਨ, ਉਸ ਨੂੰ ਕਾਫੀ ਪ੍ਰਮੁੱਖ ਮੰਨਿਆ ਜਾਂਦਾ ਹੈ। ਨੇੜੇ ਹੀ ਸਬਜ਼ੀ ਮੰਡੀ ਹੈ। ਇਸ ਤੋਂ ਇਲਾਵਾ ਕਈ ਕੇਂਦਰੀ ਅਦਾਰੇ ਇਸ ਦੇ ਨੇੜੇ ਹਨ। ਇਸ ਦੇ ਨਾਲ ਹੀ ਪੁਲਿਸ ਲਾਈਨ ਅਤੇ ਸੈਕਟਰ-26 ਥਾਣਾ ਵੀ ਹੈ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਵੀ ਸੈਕਟਰ-10 ਦੇ ਇੱਕ ਘਰ ਵਿੱਚ ਬੰਬ ਸੁੱਟਿਆ ਗਿਆ ਸੀ। ਹਾਲਾਂਕਿ ਉਸ ਸਮੇਂ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਪਹਿਲਾਂ ਵੀ ਹੋਇਆ ਸੀ ਗ੍ਰਨੇਡ ਹਮਲਾ
ਕਰੀਬ ਦੋ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ-10 ਦੇ ਪੌਸ਼ ਇਲਾਕੇ ‘ਚ ਸੇਵਾਮੁਕਤ ਪ੍ਰਿੰਸੀਪਲ ਦੇ ਘਰ ‘ਤੇ ਗ੍ਰੇਨੇਡ ਹਮਲਾ ਹੋਇਆ ਸੀ। ਇਸ ਕਾਰਨ ਘਰ ਵਿੱਚ 7 ਤੋਂ 8 ਇੰਚ ਦਾ ਟੋਆ ਪੈ ਗਿਆ। ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਤਿੰਨੋਂ ਹਮਲਾਵਰ ਇੱਕ ਆਟੋ ਵਿੱਚ ਆਏ ਸਨ ਅਤੇ ਘਟਨਾ ਤੋਂ ਬਾਅਦ ਉਸੇ ਆਟੋ ਵਿੱਚ ਫ਼ਰਾਰ ਹੋ ਗਏ। ਇਸ ਦੀ ਜਾਂਚ ਲਈ ਸਥਾਨਕ ਪੁਲਿਸ ਤੋਂ ਇਲਾਵਾ ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਰਾਸ਼ਟਰੀ ਜਾਂਚ ਏਜੰਸੀ ਦੀ ਟੀਮ ਵੀ ਪਹੁੰਚੀ। ਇਸ ਤੋਂ ਬਾਅਦ ਦੋ ਸ਼ੱਕੀ ਨੌਜਵਾਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ। ਪੁਲਿਸ ਨੇ ਇਸ ਦੀ ਜਾਂਚ ਦਹਿਸ਼ਤ ਅਤੇ ਗੈਂਗਸਟਰ ਐਂਗਲ ‘ਤੇ ਕੀਤੀ। ਇਹ ਘਟਨਾ ਸੈਕਟਰ-10 ਦੇ ਮਕਾਨ ਨੰਬਰ 575 ਵਿੱਚ ਵਾਪਰੀ। ਇਹ ਘਰ ਸੇਵਾਮੁਕਤ ਪ੍ਰਿੰਸੀਪਲ ਭੁਪੇਸ਼ ਮਲਹੋਤਰਾ ਦਾ ਹੈ। ਘਟਨਾ ਸਮੇਂ ਪਰਿਵਾਰ ਘਰ ਦੇ ਵਰਾਂਡੇ ਵਿੱਚ ਬੈਠਾ ਸੀ।