Weather Update: ਪੰਜਾਬ-ਚੰਡੀਗੜ੍ਹ ‘ਚ ਜਲਦ ਹੀ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਪੈਣ ਕਾਰਨ ਠੰਢ ਵਧੇਗੀ। ਮੌਸਮ ਵਿਭਾਗ ਮੁਤਾਬਕ ਇਹ ਬਦਲਾਅ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਆ ਰਿਹਾ ਹੈ ਜੋ 7 ਦਸੰਬਰ ਦੀ ਰਾਤ ਨੂੰ ਸਰਗਰਮ ਹੋ ਜਾਵੇਗਾ। ਹਿਮਾਲਿਆ ਦੀਆਂ ਚੋਟੀਆਂ ‘ਤੇ 7 ਦਸੰਬਰ ਤੋਂ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ ਪਰ ਮੈਦਾਨੀ ਇਲਾਕਿਆਂ ‘ਚ ਇਸ ਦਾ ਅਸਰ 8 ਦਸੰਬਰ ਨੂੰ ਦੇਖਣ ਨੂੰ ਮਿਲੇਗਾ। ਚੰਡੀਗੜ੍ਹ ਸਮੇਤ ਪੰਜਾਬ ਦੇ ਕੁਝ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਿੱਚ 1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਵਾਧਾ
ਪੰਜਾਬ ਵਿੱਚ ਤਾਪਮਾਨ 4 ਡਿਗਰੀ ਅਤੇ ਚੰਡੀਗੜ੍ਹ ਵਿੱਚ ਤਾਪਮਾਨ ਆਮ ਨਾਲੋਂ ਦੋ ਡਿਗਰੀ ਵੱਧ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਸਾਲ ਉੱਤਰੀ ਭਾਰਤ ਵਿੱਚ ਸਰਦੀਆਂ ਕੁਝ ਦਿਨ ਹੋਰ ਰਹਿਣਗੀਆਂ। ਵੈਸਟਰਨ ਡਿਸਟਰਬੈਂਸ ਦੇ ਕਮਜ਼ੋਰ ਹੋਣ ਕਾਰਨ ਅਜਿਹੇ ਹਾਲਾਤ ਪੈਦਾ ਹੋ ਰਹੇ ਹਨ। ਨਵੰਬਰ ਦੇ ਮਹੀਨੇ ਦੌਰਾਨ ਤਾਪਮਾਨ ਆਮ ਅਤੇ ਵੱਧ ਦਰਜ ਕੀਤਾ ਗਿਆ ਸੀ, ਜਦੋਂ ਕਿ ਦਸੰਬਰ ਦੇ ਪਹਿਲੇ ਮਹੀਨੇ ਵਿੱਚ ਵੀ ਅਜਿਹੇ ਹਾਲਾਤ ਰਹਿਣ ਦੀ ਉਮੀਦ ਹੈ।
ਸ਼ਨੀਵਾਰ ਤੋਂ ਦਿਖੇਗਾ ਧੁੰਦ ਦਾ ਅਸਰ
ਇੱਕ ਪਾਸੇ ਜਿੱਥੇ ਵੈਸਟਰਨ ਡਿਸਟਰਬੈਂਸ ਐਕਟਿਵ ਰਹੇਗਾ, ਉੱਥੇ ਹੀ ਮੈਦਾਨੀ ਇਲਾਕਿਆਂ ਵਿੱਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲੇਗਾ। ਮਾਲਵੇ ਦੇ 9 ਜ਼ਿਲ੍ਹਿਆਂ ਵਿੱਚ 7 ਨਵੰਬਰ ਨੂੰ ਧੁੰਦ ਪੈਣੀ ਹੈ। ਜਦੋਂ ਕਿ 8 ਨਵੰਬਰ ਨੂੰ 13 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਇਸ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਫਿਲਹਾਲ ਇਹ ਅਲਰਟ ਦੋ ਦਿਨਾਂ ਲਈ ਜਾਰੀ ਕੀਤਾ ਗਿਆ ਹੈ। ਪੰਜਾਬ ਵਿੱਚ ਧੁੰਦਾ ਅਸਰ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਮਲੇਰਕੋਟਲਾ ਅਤੇ ਸੰਗਰੂਰ ਵਿੱਚ ਦੇਖਣ ਨੂੰ ਮਿਲੇਗਾ।