Punjab News: ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਐਨਆਰਆਈ ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ 7.30 ਵਜੇ ਦੇ ਕਰੀਬ ਦੋ ਨੌਜਵਾਨ ਅੰਮ੍ਰਿਤਸਰ ਦੇ ਦਬੁਰਜੀ ਦੇ ਘਰ ਵਿੱਚ ਦਾਖਲ ਹੋਏ ਅਤੇ ਪਰਿਵਾਰ ਦੇ ਸਾਹਮਣੇ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਪੀੜਤ ਜ਼ਖਮੀ ਹੈ ਅਤੇ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰੀਕਾ ਵਿੱਚ ਰਹਿੰਦਾ ਸੀ ਪੀੜਤ
ਜ਼ਖ਼ਮੀ ਦੀ ਪਛਾਣ ਸੁਖਚੈਨ ਸਿੰਘ ਵਜੋਂ ਹੋਈ ਹੈ। ਜੋ ਅਮਰੀਕਾ ਵਿੱਚ ਰਹਿੰਦਾ ਸੀ। ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਸਵੇਰੇ 7.05 ਵਜੇ ਦੇ ਕਰੀਬ ਵਾਪਰੀ। ਸੁਖਚੈਨ ਸਿੰਘ ਜਿੰਮ ਜਾਣ ਤੋਂ ਪਹਿਲਾਂ ਬੁਰਸ਼ ਕਰ ਰਿਹਾ ਸੀ। ਉਦੋਂ ਦੋ ਨੌਜਵਾਨ ਬਾਈਕ ‘ਤੇ ਆਏ ਅਤੇ ਘਰ ‘ਚ ਦਾਖਲ ਹੋ ਗਏ। ਘਰ ਅੰਦਰ ਵੜਦੇ ਹੀ ਮੁਲਜ਼ਮ ਉਸ ਦੀ ਮਰਸਡੀਜ਼ ਕਾਰ ਦੇ ਕਾਗਜ਼ਾਤ ਦਿਖਾਉਣ ਦੀ ਮੰਗ ਕਰਨ ਲੱਗੇ। ਜਦੋਂ ਸੁਖਚੈਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰ ਦਿਖਾ ਕੇ ਸੁਖਚੈਨ ਸਿੰਘ ਨੂੰ ਅੰਦਰ ਲੈ ਗਏ। ਮੁਲਜ਼ਮਾਂ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ। ਜਿਸ ਵਿੱਚੋਂ 2 ਗੋਲੀਆਂ ਸੁਖਚੈਨ ਸਿੰਘ ਨੂੰ ਲੱਗੀਆਂ। ਮੁਲਜ਼ਮ ਸੁਖਚੈਨ ’ਤੇ ਹੋਰ ਗੋਲੀਆਂ ਚਲਾਉਣਾ ਚਾਹੁੰਦੇ ਸਨ, ਪਰ ਉਨ੍ਹਾਂ ਦਾ ਹਥਿਆਰ ਫਟ ਗਿਆ।
ਹਸਪਤਾਲ ‘ਚ ਦਾਖਲ
ਸੁਖਚੈਨ ਦੀ ਪਤਨੀ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਘਰ ਵਿੱਚ ਦੋ ਬੱਚੇ ਅਤੇ ਬਜ਼ੁਰਗ ਮਾਂ ਸਮੇਤ 5 ਲੋਕ ਮੌਜੂਦ ਸਨ। ਛੋਟੇ-ਛੋਟੇ ਬੱਚੇ ਆਪਣੇ ਪਿਤਾ ਨੂੰ ਛੱਡਣ ਲਈ ਹੱਥ ਜੋੜਦੇ ਰਹੇ। ਪਰ ਦੋਸ਼ੀ ਦਾ ਇਰਾਦਾ ਉਸ ਨੂੰ ਮਾਰਨ ਦਾ ਸੀ। ਤਿੰਨ ਗੋਲੀਆਂ ਚੱਲਣ ਤੋਂ ਬਾਅਦ ਜਦੋਂ ਹਥਿਆਰ ਬੰਦ ਹੋ ਗਿਆ ਤਾਂ ਦੋਸ਼ੀ ਘਰੋਂ ਫਰਾਰ ਹੋ ਗਏ। ਉਹ ਤੁਰੰਤ ਸੁਖਚੈਨ ਨੂੰ ਹਸਪਤਾਲ ਲੈ ਆਏ। ਫਿਲਹਾਲ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੁਖਚੈਨ ਦੀ ਪਤਨੀ ਨੇ ਦੱਸਿਆ ਕਿ ਉਹ ਉਸ ਦੀ ਦੂਜੀ ਪਤਨੀ ਹੈ ਅਤੇ ਉਸ ਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਹੈ।
ਪਹਿਲੀ ਪਤਨੀ ਦਾ ਪਰਿਵਾਰ ਨਾਲ ਚੱਲ ਰਿਹਾ ਝਗੜਾ
ਪਰਿਵਾਰਕ ਮੈਂਬਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਦਾ ਆਪਣੀ ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ। ਉਸਦੀ ਪਹਿਲੀ ਪਤਨੀ ਨੇ 2022 ਵਿੱਚ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਮ੍ਰਿਤਕ ਦੀ ਪਤਨੀ ਦੇ ਮਾਮੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਸੀ। ਜਿਸ ‘ਚ ਪੁਲਿਸ ਜਾਂਚ ‘ਚ ਸੁਖਚੈਨ ਬੇਕਸੂਰ ਪਾਇਆ ਗਿਆ, ਜਦਕਿ ਸੁਖਚੈਨ ਦੀ ਮਾਂ ਖਿਲਾਫ ਅਦਾਲਤ ‘ਚ ਚਲਾਨ ਪੇਸ਼ ਕੀਤਾ ਗਿਆ ਹੈ। ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਸੁਖਚੈਨ ਨਾਲ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਸੁਖਚੈਨ ਇੱਕ ਮਹੀਨਾ ਪਹਿਲਾਂ ਹੀ ਆਇਆ ਸੀ ਵਾਪਸ
ਪਰਮਜੀਤ ਨੇ ਦੱਸਿਆ ਕਿ ਸੁਖਚੈਨ ਅਮਰੀਕਾ ਰਹਿੰਦਾ ਸੀ। ਅਮਰੀਕਾ ਵਿੱਚ ਉਸਦਾ ਇੱਕ ਭਰਾ ਹੈ। ਪਰ ਪਤਨੀ ਦੀ ਖੁਦਕੁਸ਼ੀ ਤੋਂ ਬਾਅਦ ਉਹ ਬੱਚਿਆਂ ਦੀ ਦੇਖਭਾਲ ਲਈ ਲਗਭਗ ਇੱਕ ਸਾਲ ਤੋਂ ਭਾਰਤ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਉਹ ਕੰਮ ਲਈ ਕਈ ਵਾਰ ਅਮਰੀਕਾ ਗਿਆ। ਕਰੀਬ ਇੱਕ ਮਹੀਨਾ ਪਹਿਲਾਂ ਉਸ ਦੀ ਪਤਨੀ ਦਾ ਐਕਸੀਡੈਂਟ ਹੋ ਗਿਆ ਸੀ, ਜਿਸ ਤੋਂ ਬਾਅਦ ਸੁਖਚੈਨ ਇੱਕ ਮਹੀਨੇ ਤੋਂ ਅੰਮ੍ਰਿਤਸਰ ਦੇ ਦਬੁਰਜੀ ਵਿੱਚ ਰਿਹ ਰਿਹਾ ਸੀ।