ਪੰਜਾਬ ਨਿਊਜ਼ ਨੈਟਵਰਕ (ਚੰਡੀਗੜ੍ਹ): ਗੈਂਗਸਟਰਾਂ ਵੱਲੋਂ ਪੰਜਾਬ ਦੇ ਵੱਖ ਥਾਣਿਆਂ ਵਿੱਚ ਗ੍ਰਨੇਡ ਹਮਲੇ ਕਰਕੇ ਇਸਦੀ ਜਿੰਮੇਵਾਰੀ ਲਈ ਗਈ ਸੀ। ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ। ਉੱਥੇ ਹੀ ਹੁਣ ਚੰਡੀਗੜ੍ਹ ਦੇ ਦੋ ਵੱਡੇ ਹੋਟਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਹੋਟਲ ਨੂੰ ਖ਼ਤਰੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਬੰਬ ਨਿਰੋਧਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸੁਰੱਖਿਆ ਟੀਮ ਵੱਲੋਂ ਹੋਟਲ ਵਿੱਚ ਲੱਗੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ ਅਤੇ ਹੋਟਲ ਦੀ ਚਾਰਦੀਵਾਰੀ ਦਾ ਵੀ ਨਿਰੀਖਣ ਕੀਤਾ ਗਿਆ।
ਐੱਸਐੱਸਪੀ ਬੋਲੇ- ਈਮੇਲ ਦੀ ਕੀਤੀ ਜਾ ਰਹੀ ਜਾਂਚ
ਇਸ ਮਾਮਲੇ ਸਬੰਧੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਸਨਅਤੀ ਖੇਤਰ ਵਿੱਚ ਸਥਿਤ ਹਯਾਤ ਹੋਟਲ ਅਤੇ ਲਲਿਤ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਧਮਕੀ ਹੋਟਲਾਂ ਨੂੰ ਈਮੇਲ ਰਾਹੀਂ ਦਿੱਤੀ ਗਈ ਹੈ। ਪੁਲਿਸ ਨੇ ਹੋਟਲਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਐਸਐਸਪੀ ਦਾ ਕਹਿਣਾ ਹੈ ਕਿ ਈਮੇਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੇਲ ਕਿੱਥੋਂ ਭੇਜੀ ਗਈ ਹੈ।
ਹੋਟਲਾਂ ਦੀ ਸੁਰੱਖਿਆ ਲਈ ਜਵਾਨ ਤੈਨਾਤ
ਪਹਿਲਾਂ ਹਯਾਤ ਹੋਟਲ ਨੂੰ ਈਮੇਲ ਆਈ ਅਤੇ ਫਿਰ ਲਲਿਤ ਹੋਟਲ ਨੂੰ ਮੇਲ ਭੇਜੀ ਗਈ। ਸੂਚਨਾ ਤੋਂ ਬਾਅਦ ਬੰਬ ਸਕੁਐਡ, ਡਾਗ ਸਕੁਐਡ ਅਤੇ ਆਪਰੇਸ਼ਨ ਸੈੱਲ ਦੀ ਟੀਮ ਅਤੇ ਕ੍ਰਾਈਮ ਬ੍ਰਾਂਚ ਸਬੰਧਤ ਥਾਣੇ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਇਸ ਦੌਰਾਨ ਪੁਲਿਸ ਨੇ ਪੂਰੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਹੋਟਲ ‘ਤੇ ਨਜ਼ਰ ਰੱਖਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।