ਪੰਜਾਬ ਨਿਊਜ਼। ਪੰਜਾਬ ਦੇ ਕਿਸਾਨ 6 ਦਸੰਬਰ ਨੂੰ ਸ਼ੰਭੂ ਅਤੇ ਖਨੌਰੀ ਸਰਹੱਦ ਤੋਂ ਪੈਦਲ ਦਿੱਲੀ ਵੱਲ ਮਾਰਚ ਕਰਨਗੇ। ਇਸ ਸਬੰਧੀ ਹਰਿਆਣਾ ਸਰਕਾਰ ਚੌਕਸ ਹੋ ਗਈ ਹੈ। ਇਸ ਸਬੰਧ ਵਿੱਚ ਅੱਜ ਅੰਬਾਲਾ ਵਿੱਚ ਪੁਲੀਸ ਸੁਪਰਡੈਂਟ ਦੇ ਸੱਦੇ ’ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਮੀਟਿੰਗ ਹੋਈ। ਕਰੀਬ 2 ਘੰਟੇ ਚੱਲੀ ਇਸ ਮੀਟਿੰਗ ਵਿੱਚ ਕਿਸਾਨ ਆਗੂ ਸਰਵਨ ਪੰਧੇਰ ਨੇ ਅਧਿਕਾਰੀਆਂ ਅੱਗੇ ਕਿਸਾਨਾਂ ਦਾ ਪੱਖ ਪੇਸ਼ ਕੀਤਾ।
ਸਰਵਨ ਸਿੰਘ ਪੰਧੇਰ ਨੇ ਮੀਟਿੰਗ ਖਤਮ ਹੋਣ ਤੋਂ ਬਾਅਦ ਦੱਸਿਆ ਕਿ ਪ੍ਰਸ਼ਾਸਨ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਹੀ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਜਾਣਗੇ। ਕਿਤੇ ਵੀ ਸੜਕ ‘ਤੇ ਕੋਈ ਰੁਕਾਵਟ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪਾਣੀਪਤ ਵਿੱਚ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ, ਪਰ ਕਿਸਾਨ ਉੱਥੇ ਨਹੀਂ ਜਾਣਗੇ। ਕਿਸਾਨ ਸਿਰਫ਼ ਦਿੱਲੀ ਵੱਲ ਵਧਣਗੇ। ਇਸ ਦੇ ਨਾਲ ਹੀ ਪੰਧੇਰ ਨੇ ਕਿਹਾ ਕਿ ਜੇਕਰ ਸਾਡਾ ਸੁਨੇਹਾ ਦਿੱਲੀ ਅਤੇ ਹਰਿਆਣਾ ਸਰਕਾਰ ਤੱਕ ਸਹੀ ਢੰਗ ਨਾਲ ਪਹੁੰਚ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਟਰੈਕਟਰ ਨਾਲ ਵੀ ਅੱਗੇ ਵਧਣ ਦੀ ਇਜਾਜ਼ਤ ਮਿਲ ਸਕਦੀ ਹੈ।
ਫਿਲਹਾਲ ਸ਼ੰਭੂ ਬਾਰਡਰ ‘ਤੇ ਹੀ ਰਹਾਂਗੇ-ਪੰਧੇਰ
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਫਿਲਹਾਲ ਅਸੀਂ ਸ਼ੰਭੂ ਬਾਰਡਰ ‘ਤੇ ਹੀ ਰਹਾਂਗੇ। ਜੇਕਰ ਸਾਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਜਾਂ ਜੰਤਰ-ਮੰਤਰ ‘ਤੇ ਜਗ੍ਹਾ ਮਿਲਦੀ ਹੈ ਤਾਂ ਅਸੀਂ ਉੱਥੇ ਹੀ ਜਾਵਾਂਗੇ। ਇਸ ਤੋਂ ਬਾਅਦ ਹੀ ਅਸੀਂ ਸ਼ੰਭੂ ਸਰਹੱਦੀ ਮੋਰਚਾ ਉੱਥੇ ਸ਼ਿਫਟ ਕਰਾਂਗੇ।
ਹਰਿਆਣਾ ਦੇ ਸੀਐੱਮ ਸੈਣੀ ਨੂੰ ਕਿਸਾਨ ਆਗੂ ਪੰਧੇਰ ਦਾ ਜਵਾਬ
ਜਦਕਿ ਹਰਿਆਣਾ ਦੇ ਸੀ.ਐਮ ਨਾਇਬ ਸੈਣੀ ਨੇ ਕਿਹਾ ਕਿ ਪੰਜਾਬ ‘ਚ ਧਰਨੇ ਲਗਾਏ ਜਾ ਰਹੇ ਹਨ। ਕਾਂਗਰਸ ਸਰਕਾਰ ਵੱਲੋਂ ਐਮਐਸਪੀ ਨਾ ਦੇਣ ’ਤੇ ਧਰਨਾ ਲਾਇਆ ਜਾ ਰਿਹਾ ਹੈ। ਅਸੀਂ MSP ਦੇ ਰਹੇ ਹਾਂ। ਕਾਂਗਰਸ ਨੇ ਐਮਐਸਪੀ ਨੂੰ ਬੰਦ ਕਰਨ ਬਾਰੇ ਝੂਠ ਫੈਲਾਇਆ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮਐਸਪੀ ਵਧਾ ਕੇ ਜਵਾਬ ਦਿੱਤਾ ਹੈ। ਅੱਜ ਦੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਪੰਧੇਰ ਨੇ ਸੀਐਮ ਸੈਣੀ ਦੇ ਇਸ ਬਿਆਨ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਹਰਿਆਣਾ ਵਿੱਚ ਵੀ ਕਈ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਨਹੀਂ ਖ਼ਰੀਦੀਆਂ ਜਾਂਦੀਆਂ ਹਨ। ਸਾਡਾ ਹਰਿਆਣਾ ਸਰਕਾਰ ਨਾਲ ਕੋਈ ਝਗੜਾ ਨਹੀਂ ਹੈ ਅਤੇ ਨਾ ਹੀ ਸਾਡਾ ਕੋਈ ਸੰਘਰਸ਼ ਹੈ। ਸਾਡਾ ਸੰਘਰਸ਼ ਦਿੱਲੀ ਸਰਕਾਰ ਖਿਲਾਫ ਹੈ।