Punjab News: ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਫਰਵਰੀ ਮਹੀਨੇ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਸਵੇਰੇ 12:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰੇਲ ਗੱਡੀਆਂ ਨੂੰ ਰੋਕਿਆ ਜਾਵੇਗਾ। ਸੂਬੇ ਦੇ 22 ਜ਼ਿਲ੍ਹਿਆਂ ਵਿੱਚ 35 ਥਾਵਾਂ ’ਤੇ ਰੇਲ ਗੱਡੀਆਂ ਰੋਕਣ ਦਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਰੇਲ ਰੋਕਣ ਦਾ ਪ੍ਰੋਗਰਾਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਚੱਲੇਗਾ। ਅਜਿਹੇ ‘ਚ ਟਰੇਨਾਂ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ ਅਤੇ ਜੰਮੂ ਮਾਰਗ ਪ੍ਰਭਾਵਿਤ ਹੋਣਗੇ।
ਸ਼ੰਭੂ ਸਰਹੱਦ ਨੇੜੇ ਵੀ ਰੇਲ ਗੱਡੀਆਂ ਰੋਕੀਆਂ ਜਾਣਗੀਆਂ
ਅੱਜ ਰੇਲ ਨੂੰ ਰੋਕਣ ਲਈ ਕਿਸਾਨਾਂ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਕਿਸਾਨ ਸ਼ੰਭੂ ਸਰਹੱਦ ’ਤੇ ਰੇਲ ਰੋਕੋ ਰੋਸ ਪ੍ਰਦਰਸ਼ਨ ਵੀ ਕਰਨਗੇ। ਕਿਸਾਨਾਂ ਦੀਆਂ ਮੁੱਖ ਮੰਗਾਂ ‘ਚ ਲਖੀਮਪੁਰ ਖੇੜੀ ‘ਚ ਹੋਏ ਕਿਸਾਨਾਂ ਦੇ ਕਤਲ ਦੇ ਮਾਮਲੇ ‘ਚ ਇਨਸਾਫ਼, ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ, ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਵਰਗੀਆਂ ਪ੍ਰਮੁੱਖ ਮੰਗਾਂ ਨੂੰ ਉਠਾਉਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ।
ਤੀਜੀ ਵਾਰ ਰੇਲਾਂ ਰੋਕਣ ਜਾ ਰਹੇ ਕਿਸਾਨ
ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨਾਂ ਨੇ 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਰੇਲ ਮਾਰਗ ਜਾਮ ਕੀਤਾ ਸੀ। ਇਹ ਧਰਨਾ 16 ਅਪਰੈਲ ਨੂੰ ਸ਼ੰਭੂ ਟ੍ਰੈਕ ’ਤੇ ਸ਼ੁਰੂ ਹੋਇਆ ਸੀ, ਜੋ ਕਰੀਬ 34 ਦਿਨਾਂ ਤੱਕ ਜਾਰੀ ਰਿਹਾ। ਜਦੋਂਕਿ ਹੁਣ ਇਹ ਤੀਜੀ ਵਾਰ ਹੈ ਜਦੋਂ ਕਿਸਾਨਾਂ ਵੱਲੋਂ ਧਰਨਾ ਦੇਣ ਦਾ ਫੈਸਲਾ ਲਿਆ ਗਿਆ ਹੈ।
ਇੱਥੇ ਰੋਕਿਆ ਜਾਣਗੀਆਂ ਟਰੇਨਾਂ ਅਤੇ ਦਿੱਤਾ ਜਾਵੇਗਾ ਧਰਨਾ
ਅੱਜ ਫਿਲੌਰ, ਜਲੰਧਰ ਦੇ ਲੋਹੀਆਂ, ਅੰਮ੍ਰਿਤਸਰ ਦੇ ਮਾਨਾਂਵਾਲਾ, ਤਿੰਨ ਥਾਵਾਂ ਫ਼ਿਰੋਜ਼ਪੁਰ, ਫਤਿਹਗੜ੍ਹ ਰੇਲਵੇ ਸਟੇਸ਼ਨ, ਗੁਰਦਾਸਪੁਰ ਬਟਾਲਾ ਸਟੇਸ਼ਨ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਗੜ੍ਹਸ਼ੰਕਰ, ਕਪੂਰਥਲਾ ਸੁਲਤਾਨਪੁਰ ਲੋਧੀ, ਲੁਧਿਆਣਾ ਸਮਰਾਲਾ, ਖੰਨਾ ਰੇਲਵੇ ਟ੍ਰੈਕ ਪ੍ਰਭਾਵਿਤ ਰਹਿਣਗੇ। ਇਸ ਤੋਂ ਇਲਾਵਾ ਰੋਪੜ, ਸੰਗਰੂਰ ਦੇ ਧੂਰੀ, ਤਰਨਤਾਰਨ, ਬਰਨਾਲਾ ਸਟੇਸ਼ਨ, ਮਾਲੇਰਕੋਟਲਾ ਵਿੱਚ ਦੋ ਥਾਵਾਂ ’ਤੇ ਧਰਨੇ ਦਿੱਤੇ ਜਾਣਗੇ।