Panchayat Elections: ਪੰਜਾਬ ‘ਚ ਪੰਚਾਇਤੀ ਚੋਣਾਂ, ਦੁਪਹਿਰ 12 ਵਜੇ ਤੱਕ 22 ਫੀਸਦੀ ਵੋਟਿੰਗ, ਗੁਰਦਾਸਪੁਰ ਦੇ ਬੂਥ ਤੇ 2 ਘੰਟੇ ਰੁਕੀ ਵੋਟਿੰਗ

ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਬੂਥ ਨੰਬਰ 82 ਤੇ ਉਸ ਸਮੇਂ ਵੋਟਾਂ ਰੋਕਣੀਆਂ ਪਈਆਂ ਜਦੋਂ ਪੰਚ ਦੇ ਉਮੀਦਵਾਰਾਂ ਦੇ ਨਾਵਾਂ ਅੱਗੇ ਚੋਣ ਨਿਸ਼ਾਨ ਗਲਤ ਪਾਏ ਗਏ। ਇੱਥੇ ਕਰੀਬ 2 ਘੰਟੇ ਤੱਕ ਵੋਟਿੰਗ ਰੁਕੀ ਰਹੀ। ਉ

Panchayat Elections: ਪੰਜਾਬ ‘ਚ ਪੰਚਾਇਤੀ ਚੋਣਾਂ ਲਈ ਵੋਟਾਂ ਅੱਜ ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ ਹਨ। ਸਵੇਰੇ 12 ਵਜੇ ਤੱਕ 22 ਫੀਸਦੀ ਵੋਟਿੰਗ ਹੋਈ। ਰਾਜ ਵਿੱਚ ਕੁੱਲ 13,937 ਗ੍ਰਾਮ ਪੰਚਾਇਤਾਂ ਹਨ। ਚੋਣਾਂ ਈਵੀਐਮ ਦੀ ਬਜਾਏ ਬੈਲਟ ਪੇਪਰ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਬੈਲਟ ਪੇਪਰ ‘ਤੇ NOTA ਦਾ ਵਿਕਲਪ ਵੀ ਹੈ। ਪੰਚਾਇਤੀ ਚੋਣਾਂ ਲਈ 96 ਹਜ਼ਾਰ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਹੈ। ਪੁਲਿਸ ਵਾਲੇ ਪਾਸੇ ਤੋਂ ਵੀ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਅੱਜ ਹੀ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।

ਚੋਣਾਂ ਦੌਰਾਨ ਬਠਿੰਡਾ ਵਿੱਚ ਕਾਰ ਤੇ ਹਮਲਾ

ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਬੂਥ ਨੰਬਰ 82 ਤੇ ਉਸ ਸਮੇਂ ਵੋਟਾਂ ਰੋਕਣੀਆਂ ਪਈਆਂ ਜਦੋਂ ਪੰਚ ਦੇ ਉਮੀਦਵਾਰਾਂ ਦੇ ਨਾਵਾਂ ਅੱਗੇ ਚੋਣ ਨਿਸ਼ਾਨ ਗਲਤ ਪਾਏ ਗਏ। ਇੱਥੇ ਕਰੀਬ 2 ਘੰਟੇ ਤੱਕ ਵੋਟਿੰਗ ਰੁਕੀ ਰਹੀ। ਉੱਥੇ ਹੀ ਬਠਿੰਡਾ ਦੇ ਪਿੰਡ ਆਕਲੀਆਂ ਕਲਾਂ ‘ਚ ਚੋਣਾਂ ਦੌਰਾਨ ਕੁਝ ਨੌਜਵਾਨਾਂ ਨੇ ਕਾਰ ‘ਤੇ ਹਮਲਾ ਕਰ ਦਿੱਤਾ। ਇਹ ਕਾਰ ਟਰੱਕ ਯੂਨੀਅਨ ਅਕਲੀਆਂ ਕਲਾਂ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਹੈ, ਜਿਸ ਨੇ ਦੱਸਿਆ ਹੈ ਕਿ ਇਹ ਕਾਰ ਉਨ੍ਹਾਂ ਦਾ ਭਰਾ ਚਲਾ ਰਿਹਾ ਸੀ, ਜੋ ਉਨ੍ਹਾਂ ਦੇ ਘਰੋਂ ਵੋਟਰਾਂ ਨੂੰ ਲੈਣ ਗਿਆ ਸੀ। ਇਸ ਦੌਰਾਨ ਕੁਝ ਸ਼ਰਾਰਤੀ ਨੌਜਵਾਨਾਂ ਨੇ ਗੱਡੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪਰ ਮੁਲਜ਼ਮ ਫ਼ਰਾਰ ਹਨ। ਥਾਣਾ ਨਈਆਂਵਾਲਾ ਦੇ ਐਸਐਚਓ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਗਈ ਹੈ।

ਅੰਮ੍ਰਿਤਸਰ ਵਿੱਚ ਵੋਟਿੰਗ ਦੌਰਾਨ ਪਥਰਾਅ

ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਦੇ ਪਿੰਡ ਬਲਗਣ ਸਿੱਧੂ ਵਿੱਚ ਪੰਚਾਇਤੀ ਚੋਣਾਂ ਦੀਆਂ ਵੋਟਾਂ ਦੌਰਾਨ ਦੋ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਹੱਥੋਪਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਇੱਕ ਦੂਜੇ ‘ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਕਾਰਨ ਕਰੀਬ ਇਕ ਘੰਟਾ ਵੋਟਿੰਗ ਰੁਕੀ ਰਹੀ ਪਰ ਮਾਮਲਾ ਸੁਲਝਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰ ਦਿੱਤੀ ਗਈ। ਇਸ ਹੰਗਾਮੇ ਦੌਰਾਨ ਕਈ ਲੋਕਾਂ ਦੀਆਂ ਪੱਗਾਂ ਵੀ ਉਤਰ ਗਈਆਂ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਪਾਰਟੀਆਂ ਕਿਸ ਪਾਰਟੀ ਨਾਲ ਜੁੜੀਆਂ ਹੋਈਆਂ ਹਨ।

ਬਰਨਾਲਾ ‘ਚ ਚੋਣ ਡਿਊਟੀ ਦੌਰਾਨ ਕਾਂਸਟੇਬਲ ਦੀ ਮੌਤ

ਬਰਨਾਲਾ ‘ਚ ਪੰਚਾਇਤੀ ਚੋਣਾਂ ਦੌਰਾਨ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਸੀਨੀਅਰ ਕਾਂਸਟੇਬਲ ਲੱਖਾ ਸਿੰਘ (53) ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਿੱਚ ਤਾਇਨਾਤ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਵਾਲੇ ਵੀ ਬਰਨਾਲਾ ਦੇ ਹਸਪਤਾਲ ਪੁੱਜੇ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਾਂਸਟੇਬਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਅੱਜ ਸਵੇਰੇ ਪੰਚਾਇਤੀ ਚੋਣ ਡਿਊਟੀ ਦੌਰਾਨ ਕਾਂਸਟੇਬਲ ਲੱਖਾ ਸਿੰਘ ਦੀ ਤਬੀਅਤ ਵਿਗੜ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਉਹ ਤਰਨਤਾਰਨ ਜ਼ਿਲ੍ਹੇ ਦਾ ਵਸਨੀਕ ਹੈ।

Exit mobile version