ਪੰਜਾਬ ਨਿਊਜ਼ ਨੈਟਵਰਕ(ਗੁਰਦਾਸਪੁਰ): ਜ਼ਿਲ੍ਹੇ ਦੇ ਥਾਣਾ ਕਲਾਨੌਰ ਅਧੀਨ ਪੈਂਦੀ ਪੁਲਿਸ ਚੌਕੀ ਬਖਸ਼ੀਵਾਲ ’ਤੇ ਹੈਂਡ ਗਰਨੇਡ ਨਾਲ ਹਮਲਾ ਕੀਤਾ ਗਿਆ। ਦੂਜੇ ਪਾਸੇ ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ‘ਚ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ। ਫੋਰੈਂਸਿਕ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਗ੍ਰਨੇਡ ਇਕ ਆਟੋ ਤੋਂ ਸੁੱਟਿਆ ਗਿਆ ਸੀ। ਪੁਲਸ ਨੇ ਆਟੋ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਜਿਸ ਪੁਲਿਸ ਚੌਕੀ ’ਤੇ ਹਮਲਾ ਹੋਇਆ ਹੈ ਉਸ ਨੂੰ ਕਰੀਬ 20 ਦਿਨ ਪਹਿਲਾਂ ਉਥੋਂ ਹਟਾ ਦਿੱਤਾ ਗਿਆ ਸੀ। ਫਿਲਹਾਲ ਇਹ ਚੌਂਕੀ ਖਾਲੀ ਸੀ ਪਰ ਲੱਗਦਾ ਹੈ ਕਿ ਹਮਲਾਵਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ।
ਸੋਸ਼ਲ ਮੀਡੀਆ ਤੇ ਪੋਸਟ ਪਾ ਲਈ ਜਿੰਮੇਵਾਰੀ
ਦੂਜੇ ਪਾਸੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਇਸ ਘਟਨਾ ਨੂੰ ਜਥੇਦਾਰ ਭਾਈ ਰਣਜੀਤ ਸਿੰਘ ਜੰਮੂ ਦੀ ਅਗਵਾਈ ਵਿੱਚ ਅੰਜਾਮ ਦਿੱਤਾ ਗਿਆ ਹੈ। ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕਰਨ ਵਾਲੇ ਪੁਲਿਸ ਅਫਸਰ ਯੂਪੀ ਅਤੇ ਬਿਹਾਰ ਤੋਂ ਭਰਤੀ ਕੀਤੇ ਗਏ, ਜੋ ਸਿੱਖਾਂ ਖਿਲਾਫ ਝੂਠੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਇਸੇ ਤਰ੍ਹਾਂ ਜਵਾਬ ਦਿੱਤਾ ਜਾਵੇਗਾ। ਪੰਜਾਬ ਨੂੰ ਤਬਾਹ ਕਰਨ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮਾਮਲੇ ਬਾਰੇ ਐਸਐਸਪੀ ਦਾਯਮਾ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਫਿਲਹਾਲ ਕਿਸੇ ਵੀ ਗ੍ਰਨੇਡ ਹਮਲੇ ਦੀ ਪੁਸ਼ਟੀ ਨਹੀਂ ਹੋਈ ਹੈ ਕਿਉਂਕਿ ਚੌਕੀ ਦੇ ਆਲੇ-ਦੁਆਲੇ ਗ੍ਰਨੇਡ ਧਮਾਕੇ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪਹਿਲਾ ਵੀ ਹੋ ਚੁੱਕਾ ਹਮਲਾ
ਦੱਸ ਦਈਏ ਕਿ 13 ਦਸੰਬਰ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦੇ ਘਣੀਆ ਦੇ ਬਾਂਗਰ ਥਾਣੇ ‘ਤੇ ਗ੍ਰੇਨੇਡ ਸੁੱਟਿਆ ਗਿਆ ਸੀ। ਰਾਹਤ ਦੀ ਗੱਲ ਇਹ ਹੈ ਕਿ ਸੁੱਟੇ ਗਏ ਗ੍ਰੇਨੇਡ ਵਿਚ ਫਟਿਆ ਨਹੀਂ ਸੀ ਅਤੇ ਇਸ ਲਈ ਕੋਈ ਨੁਕਸਾਨ ਨਹੀਂ ਹੋਇਆ ਸੀ। ਇਹ ਮਾਮਲਾ ਅਗਲੇ ਦਿਨ ਉਸ ਸਮੇਂ ਸਾਹਮਣੇ ਆਇਆ, ਜਦੋਂ ਇਕ ਪੁਲਸ ਮੁਲਾਜ਼ਮ ਨੇ ਥਾਣੇ ‘ਚ ਗ੍ਰੇਨੇਡ ਪਿਆ ਦੇਖਿਆ। ਪੁਲਿਸ ਨੇ ਗ੍ਰਨੇਡ ਨੂੰ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਥਾਣੇ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਗਈ। ਪੁਲਿਸ ਦੀ ਕਾਰਵਾਈ ਦੇ ਬਾਵਜੂਦ ਅਜੇ ਤੱਕ ਥਾਣੇ ‘ਚ ਗ੍ਰਨੇਡ ਸੁੱਟਣ ਵਾਲੇ ਵਿਅਕਤੀ ਦਾ ਕੋਈ ਸੁਰਾਗ ਨਹੀਂ ਲੱਗਾ ਅਤੇ ਹੁਣ ਮੁੜ ਤੋਂ ਬਖਸ਼ੀਵਾਲ ਚੌਕੀ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ।