Weather Update: ਪੰਜਾਬ ਵਿੱਚ ਹੁਣ ਠੰਢ ਜੋਰ ਫੜਨ ਲੱਗੀ ਹੈ। ਭਾਵੇਂ ਹੀ ਇਸ ਵਾਰ ਬਾਰਿਸ਼ ਦੇ ਨਾ ਹੋਣ ਕਾਰਨ ਤਾਪਮਾਨ ਵਿੱਚ ਗਿਰਾਵਟ ਘੱਟ ਦਰਜ ਕੀਤੀ ਗਈ। ਉੱਥੇ ਹੀ ਹੁਣ ਪਹਾੜਾਂ ਤੇ ਹੋਈ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਦਾ ਇਸਰ ਦੇਖਣ ਨੂੰ ਮਿਲ ਰਿਹਾ ਹੈ। ਪਹਾੜਾਂ ‘ਚ ਬਰਫਬਾਰੀ ਤੋਂ ਬਾਅਦ ਪੰਜਾਬ-ਚੰਡੀਗੜ੍ਹ ਦੇ ਤਾਪਮਾਨ ‘ਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਵਧਦੀ ਠੰਢ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦਾ ਔਸਤ ਤਾਪਮਾਨ 1.5 ਡਿਗਰੀ ਅਤੇ ਚੰਡੀਗੜ੍ਹ ਦਾ 0.4 ਡਿਗਰੀ ਵਧਿਆ ਹੈ। ਮੈਦਾਨੀ ਇਲਾਕਿਆਂ ‘ਚ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਤਾਪਮਾਨ 5.4 ਡਿਗਰੀ ਦਰਜ ਕੀਤਾ ਗਿਆ।
ਸ਼ੀਤ ਲਹਿਰ ਦਾ ਅਲਰਟ
ਮੌਸਮ ਵਿਭਾਗ ਦੀ ਚੇਤਾਵਨੀ ਅਨੁਸਾਰ ਚੰਡੀਗੜ੍ਹ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਰੂਪਨਗਰ ਅਤੇ ਐਸਏਐਸ.ਨਗਰ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਰ ਫਿਲਹਾਲ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਜਿਸ ਕਾਰਨ ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
13 ਦਸੰਬਰ ਤੱਕ ਕੋਲਡ ਵੇਵ ਅਲਰਟ
ਆਉਣ ਵਾਲੇ ਦਿਨਾਂ ‘ਚ ਕੜਾਕੇ ਦੀ ਠੰਡ ਹੋਵੇਗੀ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਪੱਛਮੀ ਗੜਬੜੀ ਸਰਗਰਮ ਹੈ, ਜੋ ਹੁਣ ਦਿੱਲੀ-ਹਰਿਆਣਾ ਸਰਹੱਦ ‘ਤੇ ਚੱਕਰਵਾਤ ਦੇ ਰੂਪ ਵਿੱਚ ਦਿਖਾਈ ਦੇ ਸਕਦੀ ਹੈ। ਇਹੀ ਕਾਰਨ ਹੈ ਕਿ 13 ਦਸੰਬਰ ਤੱਕ ਕੋਲਡ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ-ਚੰਡੀਗੜ੍ਹ ਦੇ ਤਾਪਮਾਨ ‘ਚ 2 ਤੋਂ 3 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ।