Punjab News: ਪੰਜਾਬ ਪੁਲਿਸ ਦੀ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਫਾਜ਼ਿਲਕਾ ਦੇ ਡਰੱਗ ਇੰਸਪੈਕਟਰ ਸ਼ਿਸ਼ਨ ਮਿੱਤਲ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ 13 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਐਸਟੀਐਫ ਦੀਆਂ ਟੀਮਾਂ ਜਾਂਚ ਲਈ ਬਠਿੰਡਾ, ਮੁਹਾਲੀ, ਗਿੱਦੜਬਾਹਾ, ਜ਼ੀਰਕਪੁਰ ਅਤੇ ਫਤਿਹਾਬਾਦ ਪਹੁੰਚੀਆਂ। ਇਸ ਸਾਰੀ ਕਾਰਵਾਈ ਦੀ ਐਸਟੀਐਫ ਵੱਲੋਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਜਾਰੀ ਹੈ।
ਮੁਲਜ਼ਮ ਦੇ ਜੇਲ੍ਹ ‘ਚ ਬੰਦ ਤਸਕਰਾਂ ਨਾਲ ਸਬੰਧ,STF ਨੂੰ ਮਿਲੇ ਅਹਿਮ ਸੁਰਾਗ
ਐਸਟੀਐਫ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਜੇਲ੍ਹ ਵਿੱਚ ਬੰਦ ਵੱਡੇ ਨਸ਼ਾ ਤਸਕਰਾਂ ਨਾਲ ਸਬੰਧ ਹਨ। ਇਸ ਤੋਂ ਬਾਅਦ ਐਸਟੀਐਫ ਨੇ ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਫਿਰ STF ਨੇ ਅੱਜ ਵੀਰਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ ਹੈ। ਕੁਝ ਥਾਵਾਂ ‘ਤੇ ਤਲਾਸ਼ੀ ਪੂਰੀ ਹੋ ਗਈ ਹੈ। ਜਦਕਿ ਕੁਝ ਥਾਵਾਂ ‘ਤੇ ਤਲਾਸ਼ੀ ਜਾਰੀ ਹੈ। STF ਨੂੰ ਤਲਾਸ਼ੀ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ। ਐਸਟੀਐਫ ਅਧਿਕਾਰੀਆਂ ਦਾ ਮੰਨਣਾ ਹੈ ਕਿ ਉਹ ਨਸ਼ਾ ਤਸਕਰਾਂ ਨੂੰ ਸਿੰਥੈਟਿਕ ਡਰੱਗ ਆਦਿ ਮੁਹੱਈਆ ਕਰਵਾਉਂਦੇ ਸਨ। ਇਸ ਦੇ ਨਾਲ ਹੀ ਸਰਚ ਪੂਰੀ ਹੋਣ ਤੋਂ ਬਾਅਦ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
20 ਤੋਂ ਵੱਧ ਬੈਂਕ ਖਾਤਿਆਂ ਨੂੰ ਕੀਤਾ ਗਿਆ ਸੀਲ
ਏਡੀਜੀਪੀ ਐਸਟੀਐਫ ਨੀਲਾਭ ਕਿਸ਼ੋਰ ਨੇ ਦੱਸਿਆ ਕਿ ਪੁਲਿਸ ਨੇ ਡਰੱਗ ਇੰਸਪੈਕਟਰ ਦੇ ਵੀਹ ਤੋਂ ਵੱਧ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਅਜੇ ਵੀ ਜਾਰੀ ਹੈ। ਕੁਝ ਬੈਂਕ ਲਾਕਰ ਵੀ ਮਿਲੇ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਜਦੋਂ ਇਹ ਛਾਪੇਮਾਰੀ ਪੂਰੀਹੋ ਜਾਵੇਗੀ ਤਾਂ ਇਸ ਲਈ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਨੇ ਨਸ਼ਾ ਤਸਕਰੀ ਦੇ ਪੈਸੇ ਨਾਲ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਜਿਸ ਨੂੰ ਹੁਣ STF ਵੱਲੋਂ ਪਹਿਲ ਦੇ ਆਧਾਰ ‘ਤੇ ਨੱਥੀ ਕੀਤਾ ਜਾਵੇਗਾ। ਇਸ ਨੂੰ ਪੁਲਿਸ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ। ਐਸਟੀਐਫ ਕਰੀਬ ਇੱਕ ਮਹੀਨੇ ਤੋਂ ਜਾਂਚ ਵਿੱਚ ਜੁਟੀ ਹੋਈ ਸੀ।