ਚੰਡੀਗੜ੍ਹ ਗ੍ਰੇਨੇਡ ਹਮਲਾ: ISI ਦੇ ਇਸ਼ਾਰੇ ‘ਤੇ ਕੀਤਾ ਗਿਆ ਹਮਲਾ, ਪਾਕਿਸਤਾਨੀ ਅੱਤਵਾਦੀ ਮਾਸਟਰਮਾਈਂਡ

Punjab News: 11 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 10 ਸਥਿਤ ਇਕ ਘਰ ‘ਤੇ ਗ੍ਰੇਨੇਡ ਹਮਲਾ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ (ਆਈਐੱਸਆਈ) ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਇਸ ਦਾ ਮਾਸਟਰਮਾਈਂਡ ਪਾਕਿਸਤਾਨ ‘ਚ ਬੈਠਾ ਅੱਤਵਾਦੀ ਹਰਵਿੰਦਰ ਰਿੰਦਾ ਹੈ। ਉਸ ਨੇ ਅਮਰੀਕਾ ਬੈਠੇ ਹੈਪੀ ਪਾਸ਼ੀਆ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ। ਇਹ ਪ੍ਰਗਟਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਹਮਲਾ ਕਰਨ ਵਾਲੇ ਇੱਕ ਮੁਲਜ਼ਮ ਰੋਹਨ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਅੰਮ੍ਰਿਤਸਰ ਦੇ ਪਿੰਡ ਪਾਸ਼ੀਆ ਦਾ ਰਹਿਣ ਵਾਲਾ ਹੈ। ਉਸ ਕੋਲੋਂ 9 ਐਮਐਮ ਦਾ ਪਿਸਤੌਲ ਅਤੇ ਅਸਲਾ ਬਰਾਮਦ ਹੋਇਆ ਹੈ।

ਮੁਲਜ਼ਮ 6 ਦਿਨਾਂ ਦੇ ਰਿਮਾਂਡ ਤੇ

ਮੁਲਜ਼ਮ ਰੋਹਨ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਦੀ ਹਿਰਾਸਤ ਵਿੱਚ ਹੈ। ਉਸ ਨੂੰ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 6 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਸ਼ੁਰੂਆਤੀ ਜਾਂਚ ‘ਚ ਰੋਹਨ ਨੇ ਗ੍ਰਨੇਡ ਹਮਲੇ ਦੀ ਗੱਲ ਕਬੂਲ ਕਰ ਲਈ ਹੈ। ਇਸੇ ਮਾਮਲੇ ਵਿੱਚ ਲੁਧਿਆਣਾ ਦੇ ਖੰਨਾ ਤੋਂ ਵੀ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਆਟੋ ਵਿੱਚ ਕੀਤੀ ਸੀ ਰੇਕੀ

ਹਮਲਾਵਰਾਂ ਨੇ ਉਸੇ ਆਟੋ ਵਿੱਚ ਰੇਕੀ ਕੀਤੀ, ਜਿਸ ਵਿੱਚ ਉਹ ਹਮਲਾ ਕਰਨ ਲਈ ਆਏ ਸਨ। ਫਿਰ ਉਸ ਨੇ ਆਟੋ ਚਾਲਕ ਨੂੰ ਲਾਲ ਬੱਤੀ ਜੰਪ ਕਰਕੇ ਤੇਜ਼ ਗੱਡੀ ਚਲਾਉਣ ਲਈ ਕਿਹਾ। ਆਟੋ ਚਾਲਕ ਨੇ ਲਾਲ ਬੱਤੀ ਜੰਪ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹੇ ‘ਚ ਦੋਸ਼ੀ ਨੇ ਆਟੋ ਚਾਲਕ ਵੱਲ 500 ਰੁਪਏ ਦਾ ਨੋਟ ਸੁੱਟ ਦਿੱਤਾ ਅਤੇ ਸੈਕਟਰ-18 ਦੇ ਰਿਹਾਇਸ਼ੀ ਇਲਾਕੇ ਵੱਲ ਭੱਜ ਗਏ। ਇਹ ਵੀ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਦੋ ਦਿਨ ਪਹਿਲਾਂ ਉਸੇ ਆਟੋ ਵਿੱਚ ਬੰਗਲੇ ਦੀ ਰੇਕੀ ਕੀਤੀ ਸੀ, ਜਿਸ ਵਿੱਚ ਉਹ ਹਮਲਾ ਕਰਨ ਆਏ ਸਨ। ਪੁਲੀਸ ਨੇ ਉਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵੀ ਜ਼ਬਤ ਕਰ ਲਈ ਹੈ। ਪੁਲੀਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਅਸਲਾ ਅਤੇ ਯੂਏਪੀਏ ਸਮੇਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਚੰਡੀਗੜ੍ਹ ਪੁਲੀਸ, ਪੰਜਾਬ ਪੁਲਿਸ, ਦਿੱਲੀ ਪੁਲਿਸ, ਐਨਆਈਏ ਸਮੇਤ ਕਈ ਏਜੰਸੀਆਂ ਦੀਆਂ ਟੀਮਾਂ ਜਾਂਚ ਵਿੱਚ ਲੱਗੀਆਂ ਹੋਈਆਂ ਹਨ।

Exit mobile version