ਪੰਜਾਬ ਨਿਊਜ਼। ਪੰਜਾਬ ਦੀਆਂ 5 ਨਗਰ ਨਿਗਮਾਂ ‘ਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਅੱਜ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਨਗਰ ਨਿਗਮਾਂ ਵਿੱਚ ਵੋਟਾਂ ਪੈਣ ਤੋਂ ਬਾਅਦ ਅੱਜ ਨਤੀਜੇ ਵੀ ਐਲਾਨੇ ਜਾਣਗੇ। ਪੰਜਾਬ ਦੀਆਂ 5 ਨਗਰ ਨਿਗਮਾਂ ਤੋਂ ਇਲਾਵਾ 44 ਨਗਰ ਕੌਂਸਲਾਂ ਵਿੱਚ ਵੀ ਚੋਣਾਂ ਹੋ ਰਹੀਆਂ ਹਨ।
ਪਟਿਆਲਾ ਦੇ ਇਸ ਵਾਰਡ ‘ਚ ਭਾਜਪਾ ਉਮੀਦਵਾਰ ‘ਤੇ ਪਥਰਾਅ
ਪਟਿਆਲਾ ਦੇ ਵਾਰਡ ਨੰਬਰ 40 ‘ਚ ਭਾਜਪਾ ਉਮੀਦਵਾਰ ‘ਤੇ ਪਥਰਾਅ ਕੀਤਾ ਗਿਆ। ਭਾਜਪਾ ਉਮੀਦਵਾਰ ਅਨੁਜ ਖੋਸਲਾ ਨੇ ਆਮ ਆਦਮੀ ਪਾਰਟੀ ‘ਤੇ ਗੁੰਡਾਗਰਦੀ ਦਾ ਦੋਸ਼ ਲਗਾਇਆ ਹੈ। ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ।
ਪਟਿਆਲਾ ਵਿੱਚ ਵੋਟਿੰਗ ਸ਼ੁਰੂ
ਪਟਿਆਲਾ ਨਗਰ ਨਿਗਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਰਦੀ ਦਾ ਮੌਸਮ ਹੋਣ ਕਾਰਨ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਦੀ ਗਿਣਤੀ ਨਾ-ਮਾਤਰ ਹੈ। ਪਟਿਆਲਾ ਨਗਰ ਨਿਗਮ ਵਿੱਚ ਕੁੱਲ 60 ਵਾਰਡ ਹਨ, ਜਿਨ੍ਹਾਂ ਵਿੱਚੋਂ ਅੱਠ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਇਸ ਤੋਂ ਪਹਿਲਾਂ ਕੁੱਲ 15 ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ ਪਰ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਿਨਾਂ ਮੁਕਾਬਲਾ ਚੁਣੇ ਗਏ 7 ਉਮੀਦਵਾਰਾਂ ਦੀ ਜਿੱਤ ਦਾ ਨਤੀਜਾ ਰੱਦ ਕਰ ਦਿੱਤਾ ਗਿਆ। ਹਾਲਾਂਕਿ ਅੱਜ ਬਾਕੀ ਰਹਿੰਦੇ 45 ਵਾਰਡਾਂ ਲਈ ਵੋਟਾਂ ਪੈ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ 45, ਭਾਜਪਾ ਦੇ 24, ਕਾਂਗਰਸ ਦੇ 26, ਅਕਾਲੀ ਦਲ ਦੇ 27 ਅਤੇ 6 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਪੈਣ ਦਾ ਕੰਮ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਰਾਤ 8 ਵਜੇ ਦੇ ਕਰੀਬ ਚੋਣ ਨਤੀਜੇ ਆਉਣ ਦੀ ਸੰਭਾਵਨਾ ਹੈ।