ਨਿਊਜ਼ੀਲੈਂਡ ਖਿਲਾਫ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਚਾਰ ਟਰੈਵਲਿੰਗ ਰਿਜ਼ਰਵ ਵੀ ਰੱਖੇ ਗਏ ਹਨ। ਜਸਪ੍ਰੀਤ ਬੁਮਰਾਹ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਬੰਗਲਾਦੇਸ਼ ਖਿਲਾਫ ਦੋ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਕੋਈ ਉਪ ਕਪਤਾਨ ਨਹੀਂ ਚੁਣਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਬੀਸੀਸੀਆਈ ਰੋਹਿਤ ਸ਼ਰਮਾ ਤੋਂ ਬਾਅਦ ਬੁਮਰਾਹ ਨੂੰ ਟੈਸਟ ਟੀਮ ਦੇ ਭਵਿੱਖ ਦੇ ਕਪਤਾਨ ਵਜੋਂ ਦੇਖ ਰਿਹਾ ਹੈ। ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਉਨ੍ਹਾਂ ਨੂੰ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ, ਸ਼ਮੀ ਗਿੱਟੇ ਦੀ ਸੱਟ ਤੋਂ ਉਭਰ ਰਹੇ ਹਨ, ਜਿਸ ਲਈ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ‘ਚ ਸਰਜਰੀ ਕਰਵਾਈ ਸੀ। ਉਹ ਸੱਟ ਕਾਰਨ 2023 ਵਨਡੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਮੈਦਾਨ ਤੋਂ ਬਾਹਰ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਯਸ਼ ਦਿਆਲ ਸੱਟ ਕਾਰਨ ਬਾਹਰ ਹਨ। ਉਹ ਬੰਗਲਾਦੇਸ਼ ਸੀਰੀਜ਼ ਲਈ ਭਾਰਤੀ ਟੀਮ ਵਿੱਚ ਸੀ।
ਪਹਿਲਾ ਟੈਸਟ 16 ਅਕਤੂਬਰ ਨੂੰ
ਨਿਊਜ਼ੀਲੈਂਡ ਦੀ ਟੀਮ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਲਈ ਭਾਰਤ ਦਾ ਦੌਰਾ ਕਰ ਰਹੀ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 16 ਅਕਤੂਬਰ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਇਸ ਦਾ ਪਹਿਲਾ ਮੈਚ ਬੈਂਗਲੁਰੂ ‘ਚ ਖੇਡਿਆ ਜਾਵੇਗਾ।
ਭਾਰਤੀ ਟੀਮ ਦੀ ਬੱਲੇਬਾਜ਼ੀ ਲਾਈਨ ਅਪ ਮਜ਼ਬੂਤ ਹੈ
ਭਾਰਤੀ ਟੀਮ ਦੀ ਬੱਲੇਬਾਜ਼ੀ ਲਾਈਨ ਅੱਪ ਕਾਫੀ ਮਜ਼ਬੂਤ ਹੈ। ਰੋਹਿਤ ਦੇ ਨਾਲ-ਨਾਲ ਵਿਰਾਟ ਕੋਹਲੀ, ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਟੀਮ ਦਾ ਹਿੱਸਾ ਹਨ। ਚੋਣਕਾਰਾਂ ਨੇ ਸਰਫਰਾਜ਼ ਖਾਨ ਅਤੇ ਧਰੁਵ ਜੁਰੇਲ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਹੈ। ਹਰਫਨਮੌਲਾ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਨੂੰ ਵੀ ਟੀਮ ‘ਚ ਮੌਕਾ ਮਿਲਿਆ ਹੈ।