ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਅਮਰੀਕਾ ਦੀ ਨੈਸ਼ਨਲ ਕ੍ਰਿਕਟ ਲੀਗ (NLC) ‘ਤੇ ਪਾਬੰਦੀ ਲਗਾ ਦਿੱਤੀ ਹੈ। ਆਈਸੀਸੀ ਨੇ ਸੰਯੁਕਤ ਰਾਜ ਅਮਰੀਕਾ ਕ੍ਰਿਕੇਟ (ਯੂਐਸਏਸੀ) ਨੂੰ ਇੱਕ ਪੱਤਰ ਲਿਖ ਕੇ ਲੀਗ ਦੇ ਭਵਿੱਖ ਦੇ ਐਡੀਸ਼ਨਾਂ ਨੂੰ ਮਨਜ਼ੂਰੀ ਨਾ ਦੇਣ ਦੇ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਪੱਤਰ ਵਿੱਚ ਲਿਖਿਆ ਗਿਆ ਸੀ ਕਿ ਲੀਗ ਵਿੱਚ ਪਲੇਇੰਗ ਇਲੈਵਨ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ। ਇਸ ਟੀ-10 ਫਾਰਮੈਟ ਟੂਰਨਾਮੈਂਟ ਵਿੱਚ 6-7 ਵਿਦੇਸ਼ੀ ਖਿਡਾਰੀ ਖੇਡੇ ਗਏ।
NCL ਦਾ ਪਹਿਲਾ ਸੀਜ਼ਨ 4 ਤੋਂ 14 ਅਕਤੂਬਰ ਦਰਮਿਆਨ ਹੋਇਆ ਸੀ। ਰੌਬਿਨ ਉਥੱਪਾ ਦੀ ਕਪਤਾਨੀ ਵਾਲੀ ਸ਼ਿਕਾਗੋ ਸੀਸੀ ਨੇ ਐਟਲਾਂਟਾ ਕਿੰਗਜ਼ ਨੂੰ 43 ਦੌੜਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਟਰਾਫੀ ਦਿੱਤੀ। ਇਸ ਲੀਗ ‘ਚ ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ ਅਤੇ ਪਾਕਿਸਤਾਨ ਦੇ ਦਿੱਗਜ ਆਲਰਾਊਂਡਰ ਸ਼ਾਹਿਦ ਅਫਰੀਦੀ ਨੇ ਹਿੱਸਾ ਲਿਆ ਸੀ।
ਨਿਯਮਾਂ ਦੀ ਉਲੰਘਣਾ
ICC ਦੇ ਨਿਯਮਾਂ ਅਨੁਸਾਰ, ਲੀਗ ਵਿੱਚ ਖੇਡਣ ਵਾਲੀ ਹਰ ਟੀਮ ਦੇ ਪਲੇਇੰਗ ਇਲੈਵਨ ਵਿੱਚ ਘੱਟੋ-ਘੱਟ 7 ਅਮਰੀਕੀ ਖਿਡਾਰੀ ਹੋਣੇ ਚਾਹੀਦੇ ਹਨ। ਪਰ ਕਈ ਮੈਚਾਂ ਵਿੱਚ 6-7 ਵਿਦੇਸ਼ੀ ਖਿਡਾਰੀਆਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਮੈਚਾਂ ਵਿੱਚ ਡਰਾਪ-ਇਨ ਪਿੱਚਾਂ ਦੀ ਵਰਤੋਂ ਕੀਤੀ ਗਈ ਸੀ, ਜੋ ਕਿ ਬਹੁਤ ਮਾੜੀਆਂ ਸਨ। ਪਿੱਚਾਂ ਇੰਨੀਆਂ ਖਰਾਬ ਸਨ ਕਿ ਵਹਾਬ ਰਿਆਜ਼ ਅਤੇ ਟਾਈਮਲ ਮਿਲਸ ਨੂੰ ਸਪਿਨ ਗੇਂਦਬਾਜ਼ੀ ਕਰਨੀ ਪਈ ਤਾਂ ਕਿ ਬੱਲੇਬਾਜ਼ਾਂ ਨੂੰ ਨੁਕਸਾਨ ਨਾ ਪਹੁੰਚ ਸਕੇ। ਲੀਗ ਦੇ ਅਧਿਕਾਰੀਆਂ ਨੇ ਵਿਦੇਸ਼ੀ ਖਿਡਾਰੀਆਂ ਨੂੰ ਮੌਕਾ ਦੇਣ ਲਈ ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਨੂੰ ਵੀ ਤੋੜਿਆ। ਅਮਰੀਕਾ ਵਿੱਚ ਸਪੋਰਟਸ ਕੈਟਾਗਰੀ ਦੇ ਵੀਜ਼ੇ ਲਈ 6 ਟੀਮਾਂ ਲਈ ਘੱਟੋ-ਘੱਟ 2 ਲੱਖ ਅਮਰੀਕੀ ਡਾਲਰ ਖਰਚਣੇ ਪੈਂਦੇ ਹਨ। ਕਈ ਖਿਡਾਰੀ ਪੈਸੇ ਬਚਾਉਣ ਲਈ ਸਪੋਰਟਸ ਵੀਜ਼ੇ ‘ਤੇ ਨਹੀਂ ਆਏ।