ਭਾਰਤ ਦਾ ਨੌਜਵਾਨ ਸਟਾਰ ਡੀ ਗੁਕੇਸ਼ ਸ਼ਤਰੰਜ ਦੀ ਦੁਨੀਆ ਦਾ ਨਵਾਂ ਚੈਂਪੀਅਨ ਬਣ ਗਿਆ ਹੈ। ਸਿੰਗਾਪੁਰ ‘ਚ ਹੋਈ ਵਿਸ਼ਵ ਚੈਂਪੀਅਨਸ਼ਿਪ ‘ਚ ਗੁਕੇਸ਼ ਨੇ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਗੁਕੇਸ਼ ਸ਼ਤਰੰਜ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣ ਗਿਆ ਹੈ। ਵੀਰਵਾਰ 12 ਦਸੰਬਰ ਨੂੰ ਚੈਂਪੀਅਨਸ਼ਿਪ ਦੇ 14ਵੇਂ ਅਤੇ ਆਖਰੀ ਰਾਊਂਡ ‘ਚ ਦੋਵਾਂ ਵਿਚਾਲੇ ਸਖਤ ਮੁਕਾਬਲਾ ਹੋਇਆ, ਜਿੱਥੇ ਡਿਫੈਂਡਿੰਗ ਚੈਂਪੀਅਨ ਲੀਰੇਨ ਨੇ ਛੋਟੀ ਜਿਹੀ ਗਲਤੀ ਕਰ ਦਿੱਤੀ, ਜਿਸ ਦੀ ਕੀਮਤ ਉਸ ਨੂੰ ਮਹਿੰਗੀ ਪਈ। ਇਸ ਨਾਲ ਸਿਰਫ 18 ਸਾਲ ਦੀ ਉਮਰ ‘ਚ ਭਾਰਤ ਦੇ ਗੁਕੇਸ਼ ਨੇ ਵਿਸ਼ਵ ਚੈਂਪੀਅਨ ਬਣ ਕੇ ਰਿਕਾਰਡ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਉਹ 18ਵੀਂ ਵਿਸ਼ਵ ਸ਼ਤਰੰਜ ਚੈਂਪੀਅਨ ਵੀ ਹੈ।
ਆਖਰੀ ਦੌਰ ‘ਚ ਘੁਮਾਈ ਗੇਮ
ਸਿੰਗਾਪੁਰ ‘ਚ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਵਿਸ਼ਵ ਚੈਂਪੀਅਨਸ਼ਿਪ ‘ਚ ਚੀਨ ਦੇ ਡਿੰਗ ਅਤੇ ਭਾਰਤ ਦੇ ਗੁਕੇਸ਼ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਡਿੰਗ ਨੇ ਪਿਛਲੇ ਸਾਲ ਇਹ ਚੈਂਪੀਅਨਸ਼ਿਪ ਜਿੱਤੀ ਸੀ। ਅਜਿਹੇ ‘ਚ ਉਸ ਨੇ ਡਿਫੈਂਡਿੰਗ ਚੈਂਪੀਅਨ ਦੇ ਰੂਪ ‘ਚ ਇਸ ਚੈਂਪੀਅਨਸ਼ਿਪ ‘ਚ ਪ੍ਰਵੇਸ਼ ਕੀਤਾ ਸੀ। ਜਦਕਿ ਗੁਕੇਸ਼ ਨੇ ਇਸ ਸਾਲ ਦੇ ਸ਼ੁਰੂ ‘ਚ ਹੋਏ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਇਸ ਚੈਂਪੀਅਨਸ਼ਿਪ ‘ਚ ਚੈਲੰਜਰ ਵਜੋਂ ਪ੍ਰਵੇਸ਼ ਕੀਤਾ ਸੀ। ਵਿਸ਼ਵਨਾਥਨ ਆਨੰਦ ਤੋਂ ਬਾਅਦ ਉਹ ਵਿਸ਼ਵ ਚੈਂਪੀਅਨਸ਼ਿਪ ਤੱਕ ਪਹੁੰਚਣ ਵਾਲਾ ਦੂਜਾ ਭਾਰਤੀ ਅਤੇ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ।
ਆਨੰਦ ਤੋਂ ਬਾਅਦ ਸਿਰਫ਼ ਦੂਜਾ ਭਾਰਤੀ
ਜਿਵੇਂ ਹੀ ਡਿੰਗ ਨੇ ਅਸਤੀਫਾ ਦਿੱਤਾ, ਗੁਕੇਸ਼ ਆਪਣੀਆਂ ਭਾਵਨਾਵਾਂ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਕੁਰਸੀ ‘ਤੇ ਬੈਠ ਕੇ ਰੋਣ ਲੱਗੇ। ਜਿੱਤ ਦੀ ਖੁਸ਼ੀ, ਸੁਪਨਾ ਸਾਕਾਰ ਹੋਣ ਦਾ ਅਹਿਸਾਸ ਅਤੇ ਇੱਕ ਰਾਹਤ ਉਸ ਦੇ ਚਿਹਰੇ ‘ਤੇ ਸਾਫ ਦਿਖਾਈ ਦੇ ਰਹੀ ਸੀ, ਜਦਕਿ ਉਸ ਦੀਆਂ ਅੱਖਾਂ ‘ਚੋਂ ਹੰਝੂ ਵੀ ਵਹਿ ਰਹੇ ਸਨ। ਇਸ ਜਿੱਤ ਨਾਲ ਗੁਕੇਸ਼ ਨੇ ਭਾਰਤੀ ਸ਼ਤਰੰਜ ਵਿੱਚ ਹੀ ਨਹੀਂ ਸਗੋਂ ਵਿਸ਼ਵ ਸ਼ਤਰੰਜ ਵਿੱਚ ਵੀ ਆਪਣਾ ਨਾਮ ਅਮਰ ਕਰ ਲਿਆ। ਵਿਸ਼ਵਨਾਥਨ ਆਨੰਦ ਤੋਂ ਬਾਅਦ ਵਿਸ਼ਵ ਚੈਂਪੀਅਨ ਬਣਨ ਵਾਲਾ ਗੁਕੇਸ਼ ਦੂਜਾ ਭਾਰਤੀ ਖਿਡਾਰੀ ਹੈ। ਇਸ ਜਿੱਤ ਦੇ ਇਨਾਮ ਵਜੋਂ ਗੁਕੇਸ਼ ਨੂੰ 18 ਕਰੋੜ ਰੁਪਏ ਵੀ ਮਿਲਣਗੇ।