ਇਕ ਪਾਸੇ ਜਿੱਥੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੈਂਗਲੁਰੂ ‘ਚ ਟੈਸਟ ਸੀਰੀਜ਼ ਸ਼ੁਰੂ ਹੋ ਚੁੱਕੀ ਹੈ, ਉਥੇ ਹੀ ਦੂਜੇ ਪਾਸੇ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਜਲਦ ਹੋਣ ਵਾਲੀ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਮਹਿਲਾ ਟੀਮਾਂ ਵਿਚਾਲੇ ਇਸ ਮਹੀਨੇ ਦੇ ਅੰਤ ‘ਚ 3 ਮੈਚਾਂ ਦੀ ਵਨਡੇ ਸੀਰੀਜ਼ ਹੋਣੀ ਹੈ, ਜਿਸ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿੱਚ ਸਭ ਤੋਂ ਵੱਡਾ ਫੈਸਲਾ ਹਰਮਨਪ੍ਰੀਤ ਕੌਰ ਦੀ ਕਪਤਾਨੀ ਨੂੰ ਲੈ ਕੇ ਲਿਆ ਗਿਆ ਹੈ। ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਦੀ ਕਰਾਰੀ ਹਾਰ ਤੋਂ ਬਾਅਦ ਹਰਮਨਪ੍ਰੀਤ ਨੂੰ ਬਾਹਰ ਕਰਨ ਦੀ ਮੰਗ ਉੱਠ ਰਹੀ ਸੀ ਪਰ ਚੋਣ ਕਮੇਟੀ ਨੇ ਉਸ ‘ਤੇ ਹੀ ਭਰੋਸਾ ਜਤਾਇਆ ਹੈ।
ਮਹਿਲਾ ਟੀ-20 ਵਿਸ਼ਵ ਕੱਪ 2024 ‘ਚ ਗਰੁੱਪ ਗੇੜ ਤੋਂ ਬਾਹਰ ਹੋ ਗਈ ਸੀ
ਹਰਮਨਪ੍ਰੀਤ ਦੀ ਕਪਤਾਨੀ ‘ਚ ਟੀਮ ਇੰਡੀਆ ਯੂਏਈ ‘ਚ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ 2024 ‘ਚ ਗਰੁੱਪ ਗੇੜ ਤੋਂ ਬਾਹਰ ਹੋ ਗਈ ਸੀ। ਭਾਰਤ ਨੂੰ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਟੀਮ ਸੈਮੀਫਾਈਨਲ ਲਈ ਕੁਆਲੀਫਾਈ ਕਰਨ ‘ਚ ਅਸਫਲ ਰਹੀ। ਉਦੋਂ ਤੋਂ ਹੀ ਕਪਤਾਨੀ ਤੋਂ ਇਲਾਵਾ ਕਈ ਖਿਡਾਰਨਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਰ ਸੀਨੀਅਰ ਮਹਿਲਾ ਚੋਣ ਕਮੇਟੀ ਨੇ ਅਜਿਹਾ ਕੋਈ ਵੀ ਕਦਮ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਅਗਲੇ ਸਾਲ ਭਾਰਤ ‘ਚ ਹੋਣ ਵਾਲੇ ਵਨਡੇ ਵਿਸ਼ਵ ਕੱਪ ਨੂੰ ਦੇਖਦੇ ਹੋਏ ਇਹ ਬਦਲਾਅ ਦਾ ਸਹੀ ਮੌਕਾ ਜਾਪਦਾ ਸੀ ਪਰ ਇਸ ਫੈਸਲੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਹਰਮਨਪ੍ਰੀਤ ਵਿਸ਼ਵ ਕੱਪ ‘ਚ ਵੀ ਟੀਮ ਦੀ ਅਗਵਾਈ ਕਰੇਗੀ।
ਇਹ ਖਿਡਾਰੀ ਸੀਰੀਜ਼ ਤੋਂ ਬਾਹਰ
ਚੋਣ ਕਮੇਟੀ ਨੇ ਜ਼ਿਆਦਾਤਰ ਉਹੀ ਖਿਡਾਰੀਆਂ ਨੂੰ ਟੀਮ ਵਿੱਚ ਬਰਕਰਾਰ ਰੱਖਿਆ ਹੈ ਜੋ ਹਾਲ ਹੀ ਵਿੱਚ ਹੋਏ ਟੀ-20 ਵਿਸ਼ਵ ਕੱਪ ਦਾ ਹਿੱਸਾ ਸਨ। ਹਾਲਾਂਕਿ ਸਟਾਰ ਆਲਰਾਊਂਡਰ ਪੂਜਾ ਵਸਤਰਕਰ ਨੂੰ ਇਸ ਸੀਰੀਜ਼ ਤੋਂ ਆਰਾਮ ਦਿੱਤਾ ਗਿਆ ਹੈ, ਜਦਕਿ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਚਾ ਘੋਸ਼ ਨੂੰ 12ਵੀਂ ਦੀ ਬੋਰਡ ਪ੍ਰੀਖਿਆ ਕਾਰਨ ਇਸ ਸੀਰੀਜ਼ ਤੋਂ ਬਾਹਰ ਰੱਖਿਆ ਗਿਆ ਹੈ। ਵਿਸ਼ਵ ਕੱਪ ਦੌਰਾਨ ਜ਼ਖਮੀ ਹੋਈ ਲੈੱਗ ਸਪਿਨਰ ਆਸ਼ਾ ਸ਼ੋਭਨਾ ਅਜੇ ਪੂਰੀ ਤਰ੍ਹਾਂ ਫਿੱਟ ਨਹੀਂ ਹੈ ਅਤੇ ਇਸ ਲਈ ਉਹ ਵੀ ਇਸ ਸੀਰੀਜ਼ ‘ਚ ਨਹੀਂ ਖੇਡੇਗੀ।
ਰਿਚਾ ਦੀ ਜਗ੍ਹਾ ਯਸਤਿਕਾ ਭਾਟੀਆ ਇਸ ਸੀਰੀਜ਼ ‘ਚ ਵਿਕਟ ਦੀ ਕਮਾਨ ਸੰਭਾਲੇਗੀ। ਹਾਲਾਂਕਿ ਨੌਜਵਾਨ ਵਿਕਟਕੀਪਰ ਉਮਾ ਛੇਤਰੀ ਨੂੰ ਵੀ ਸੀਰੀਜ਼ ਲਈ ਚੁਣਿਆ ਗਿਆ ਹੈ। ਉਨ੍ਹਾਂ ਤੋਂ ਇਲਾਵਾ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਦਿਆਲਨ ਹੇਮਲਤਾ, ਸਾਇਮਾ ਠਾਕੋਰ, ਤੇਜਲ ਹਸਨਬਿਸ ਅਤੇ ਸਯਾਲੀ ਸਤਗਾਰੇ ਨੂੰ ਵੀ ਟੀਮ ‘ਚ ਚੁਣਿਆ ਗਿਆ ਹੈ। 3 ਵਨਡੇ ਮੈਚਾਂ ਦੀ ਸੀਰੀਜ਼ 24 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਿਸ ਲਈ ਕੀਵੀ ਟੀਮ ਯੂਏਈ ਤੋਂ ਸਿੱਧੇ ਭਾਰਤ ਪਹੁੰਚੇਗੀ। ਸੀਰੀਜ਼ ਦੇ ਮੈਚ 24, 27 ਅਤੇ 29 ਅਕਤੂਬਰ ਨੂੰ ਖੇਡੇ ਜਾਣਗੇ। ਇਹ ਤਿੰਨੋਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਜਾਣਗੇ।